ਅੰਮ੍ਰਿਤਸਰ, 5 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ
ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਰਪਿਤ ਧਾਰਮਿਕ ਸਮਾਗਮ ਕਰਵਾਏ।ਉਕਤ ਵਿੱਦਿਅਕ ਸੰਸਥਾਵਾਂ ਦੇ ਸਟਾਫ਼ ਵਲੋਂ ਗੁਰੂ ਜਸ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ।
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੇ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ ਰੱਖੇ ਸਹਿਜ਼ ਪਾਠ ਦੇ ਭੋਗ ਪਾਏ ਗਏ।ਪ੍ਰਿੰ: ਨਾਗਪਾਲ ਨੇ ਪਵਿੱਤਰ ਦਿਹਾੜੇ ਦੀ ਸਮੂਹ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਗੁਰੂ ਸਾਹਿਬਾਨ ਦੁਆਰਾ ਵਿਖਾਏ ਮਾਰਗ ’ਤੇ ਚੱਲਦਿਆਂ ਸਰਬੱਤ ਦੇ ਭਲੇ ਦੇ ਲਈ ਕਾਰਜ ਕਰਨੇ ਚਾਹੀਦੇ ਹਨ।
ਇਸੇ ਤਰ੍ਹਾਂ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੇ ਆਨਲਾਈਨ ਪ੍ਰਕਿਰਿਆ ਰਾਹੀਂ ਜੁੜ ਕੇ ਸ੍ਰੀ ਮੂਲਮੰਤਰ ਜੀ ਦੇ ਜਾਪ, ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਰਚਿਤ ਸਲੋਕ ਦੇ ਜਾਪ ਕੀਤੇ।ਇਸ ਉਪਰੰਤ ਸੰਗੀਤ ਵਿਭਾਗ ਦੇ ਮੁਖੀ ਮੈਡਮ ਮਨਦੀਪ ਕੌਰ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਸ਼ੁਭ ਅਵਸਰ’ਤੇ ਵਧਾਈ ਦੇਂਦਿਆਂ ਕਿਹਾ ਕਿ ‘ਤਿਲਕ ਜੰਝੂ ਦੇ ਰਾਖੇ’ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਲਈ ਆਪਣਾ ਸੀਸ ਭੇਂਟ ਕਰ ਦਿੱਤਾ ਸੀ।ਉਨ੍ਹਾਂ ਦੁਆਰਾ ਦਿੱਤੀ ਗਈ ਲਾਸਾਨੀ ਸ਼ਹਾਦਤ ਦੀ ਮਿਸਾਲ ਦੁਨੀਆਂ ’ਚ ਹੋਰ ਕਿਤੇ ਨਹੀਂ ਮਿਲਦੀ।
ਇਸ ਮੌਕੇ ਸਾਂਝੇ ਤੌਰ ’ਤੇ ਪ੍ਰਿੰ: ਨਾਗਪਾਲ ਅਤੇ ਪ੍ਰਿੰ: ਨਿਰਮਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਵਰਨਿੰਗ ਕੌਂਸਲ ਅਧੀਨ ਆਉਦੀਆਂ ਵਿੱਦਿਅਕ ਸੰਸਥਾਵਾਂ ’ਚ ਕੌਂਸਲ ਦੇ ਆਨਰੇਰੀ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ ਦੇ ਨਿਰਦੇਸ਼ਾਂ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਰੋਹ 2021-22 ਦੌਰਾਨ ਪੜਾਅ ਵਾਰ ਮਨਾਇਆ ਜਾਵੇਗਾ।ਗੁਰੂ ਸਾਹਿਬ ਜੀ ਦੇ ਜੀਵਨ ਅਤੇ ਰਚਨਾਵਾਂ ’ਤੇ ਆਧਾਰਿਤ ਕਵਿਤਾ ਉਚਾਰਨ, ਸ਼ਬਦ ਕੀਰਤਨ ਗਾਇਨ, ਵਿਚਾਰ ਚਰਚਾ ਆਦਿ ਮੁਕਾਬਲੇ ਕਰਵਾਏ ਜਾਣਗੇ।ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਰੁਪਿੰਦਰ ਕੌਰ ਮਾਹਲ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀਮਤੀ ਮਾਹਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਰੋਹ ਨਾਲ ਸਬੰਧਿਤ ਵੱਖ-ਵੱਖ ਮੁਕਾਬਲਿਆਂ ’ਚ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ।ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media