ਵਪਾਰੀਆਂ ਨੇ ਦੁਕਾਨਾਂ ਖੋਲ੍ਹਣ ਦੀ ਨਹੀਂ ਦਿਖਾਈ ਜ਼ੁਰੱਅਤ
ਧੂਰੀ, 8 ਮਈ (ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਗਾਏ ਲਾਕਡਾਊਨ ਦੌਰਾਨ ਦੁਕਾਨਾਂ ਬੰਦ ਕਰਨ ਦੇ ਹੁਕਮਾਂ ਦੇ ਖਿਲਾਫ ਅੱਜ ਭਾਰਤੀ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਖੋਲਣ ਲਈ ਪ੍ਰੇਰਿਤ ਕਰਦਿਆਂ ਸ਼ਹਿਰ ਵਿੱਚ ਜਿੱਥੇ ਸਰਕਾਰ ਦੇ ਖਿਲਾਫ ਇੱਕ ਰੋਸ ਰੈਲੀ ਕੱਢੀ ਗਈ, ਉੱਥੇ ਹੀ ਉਹਨਾਂ ਨੇ ਬਜ਼ਾਰਾਂ ਵਿੱਚ ਸਪੀਕਰ ਲਗਾ ਕੇ ਅਨਾਊਸਮੈਂਟ ਕਰਦਿਆਂ ਇਹ ਨਾਅਰੇ ਲਗਾਏ ਕਿ ਖੋਲੋ ਸ਼ਟਰ ਦੁਕਾਨਾਂ ਦੇ, ਜੁੜਜੋ ਨਾਲ ਕਿਸਾਨਾਂ ਦੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗੁਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਕੱਢੀ ਗਈ।ਇਸ ਰੈਲੀ ਵਿੱਚ ਬੀਬੀਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਸਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਭਾਰੀ ਪੁਲਿਸ ਫੋਰਸ ਮੌਕੇ ‘ਤੇ ਮੌਜੂਦ ਸੀ।ਕਿਸਾਨਾਂ ਵੱਲੋਂ ਵਪਾਰੀਆਂ ਦੇ ਹੱਕ ਵਿੱਚ ਮਾਰੇ ਗਏ ਜ਼ਬਰਦਸਤ ਹਾਅ ਦੇ ਨਾਅਰੇ ਤੋਂ ਬਾਅਦ ਵੀ ਸ਼ਹਿਰ ਦੇ ਵਪਾਰੀਆਂ ਨੇ ਦੁਕਾਨਾਂ ਖੋਲ੍ਹਣ ਦੀ ਜ਼ੁਰੱਅਤ ਨਹੀਂ ਦਿਖਾਈ ਅਤੇ ਬਜ਼ਾਰ ਪਹਿਲਾਂ ਦੀ ਤਰਾਂ੍ਹ ਬੰਦ ਦਿਖਾਈ ਦਿੱਤੇ।ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਖਤਮ ਕਰਨ ਲਈ ਅਜਿਹੇ ਨਾਦਰਸ਼ਾਹੀ ਫੁਰਮਾਣ ਜਾਰੀ ਕੀਤੇ ਹਨ ਜਿਸ ਨਾਲ ਇਹ ਲੋਕ ਕੋਰੋਨਾ ਤੋਂ ਵੀ ਪਹਿਲਾਂ ਆਰਥਿਕ ਪੱਖੋਂ ਤਬਾਹ ਹੋ ਕੇ ਮਾਰੇ ਜਾਣਗੇ ਅਤੇ ਵਪਾਰਾਂ ‘ਤੇ ਲੱਗੀਆਂ ਇਹ ਪਾਬੰਦੀਆਂ ਕੋਰੋਨਾ ਤੋਂ ਵੱਧ ਖਤਰਨਾਕ ਹਨ।
ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਸਾਨਾਂ ਦੀ ਰੈਲੀ ਵਿੱਚ ਸ਼ਾਮਿਲ ਹੋ ਕੇ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਪਾਰੀ ਅਤੇ ਕਿਸਾਨ ਦਾ ਨਹੁੰ-ਮਾਸ ਦਾ ਰਿਸ਼ਤਾ ਹੈ।ਪ੍ਰੰਤੂ ਪ੍ਰਸ਼ਾਸਨ ਨਾਲ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਪਾਰੀਆਂ ਨੂੰ ਤੈਅ ਸਮਾਂ ਸੀਮਾਂ ਵਿੱਚ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਥਾਣਾ ਸਿਟੀ ਧੂਰੀ ਦੇ ਮੁਖੀ ਦੀਪਇੰਦਰ ਸਿੰਘ ਜੇਜੀ ਨੇ ਕਿਹਾ ਕਿ ਸ਼ਹਿਰ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਕੇ ਵਾਪਸ ਪਰਤੇ ਕਿਸਾਨਾਂ ਦੇ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਸ਼ਹਿਰ ਦੇ ਵਪਾਰੀ ਵਰਗ ਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਬਦਲੇ ਧੰਨਵਾਦ ਵੀ ਕੀਤਾ।
ਇਸ ਮੌਕੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ, ਡੀ.ਐਸ.ਪੀ ਧੂਰੀ ਪਰਮਜੀਤ ਸਿੰਘ ਸੰਧੂ ਵੀ ਸ਼ਹਿਰ ਦੇ ਬਜ਼ਾਰਾਂ ਵਿੱਚ ਸਥਿਤੀ ਦਾ ਜਾਇਜ਼ਾ ਲੈਂਦੇ ਵਿਖਾਈ ਦਿੱਤੇ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media