Wednesday, March 18, 2026

ਜਿਲ੍ਹੇ ਦੇ 100 ਫੀਸਦੀ ਸਰਕਾਰੀ ਸਕੂਲਾਂ ਦੇ ਅਧਿਆਪਕ ਲਗਾ ਰਹੇ ਹਨ ਆਨਲਾਈਨ ਕਲਾਸਾਂ

ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਕਰਕੇ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਦੇ ਬੰਦ ਹੋਣ ਦੇ ਬਾਵਜ਼ੂਦ ਵੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਪੜ੍ਹਾਉਣ ਦਾ ਕੰਮ ਨਿਰੰਤਰ ਜਾਰੀ ਹੈ।ਜਿਸ ਤਹਿਤ ਪਠਾਨਕੋਟ ਜਿਲ੍ਹਾ ਪੰਜਾਬ ਦੇ ਉਨ੍ਹਾਂ 12 ਜਿਲ੍ਹਿਆਂ ‘ਚ ਸ਼ਾਮਲ ਹੈ, ਜਿਸ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।ਅਧਿਆਪਕਾਂ ਵਲੋਂ ਕੀਤੇ ਜਾ ਰਹੇ ਯਤਨ ਸਦਕਾ ਹੀ ਜਿਲ੍ਹਾ ਪਠਾਨਕੋਟ ਵਿੱਚ ਪ੍ਰਾਇਮਰੀ ਵਿੰਗ ਦਾ ਦਾਖਲਾ 10.76% ਅਤੇ ਸੈਕੰਡਰੀ ਵਿੰਗ ਦਾ ਦਾਖਲਾ 6.77% ਵਧਿਆ ਅਤੇ ਜਿਲ੍ਹੇ ਦਾ ਸਮੁੱਚਾ ਦਾਖਲਾ 8.32 ਫੀਸਦ ਵਧਿਆ ਹੈ।
                ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਅਧਿਆਪਕਾਂ ਵਲੋਂ ਜ਼ੂਮ ਅਤੇ ਵਟਸ ਐਪ ਰਾਹੀਂ ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਵਾਂਗ ਹੀ ਪੜ੍ਹਾਇਆ ਜਾ ਰਿਹਾ ਹੈ ਅਤੇ ਡੀ.ਡੀ ਪੰਜਾਬੀ ਚੈਨਲ ਰਾਹੀਂ ਸੋਮਵਾਰ ਤੋਂ ਸ਼ਨੀਵਾਰ ਤੱਕ ਵਿਭਾਗ ਦੇ ਮਾਹਿਰ ਅਧਿਆਪਕਾਂ ਵਲੋਂ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਸਕੂਲ ਸਿੱਖਿਆ ਵਿਭਾਗ ਵਲੋਂ ਤਿਆਰ ਕੀਤੀ ਗਈ ਐਜੂਕੇਅਰ ਐਪ ਰਾਹੀਂ ਵੀ ਵਿਸ਼ਾਵਾਰ ਪੜ੍ਹਾਈ ਕਰ ਰਹੇ ਹਨ।ਬੱਚਿਆਂ ਦੇ ਬੱਡੀ ਗਰੁੱਪ ਵੀ ਬਣਾਏ ਗਏ ਹਨ।ਬਹੁਤ ਸਾਰੇ ਮਾਹਿਰ ਅਧਿਆਪਕਾਂ ਵਲੋਂ ਨਿੱਜੀ ਯੂ-ਟਿਊਬ ਚੈਨਲ ਬਣਾ ਕੇ ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਦੇ ਵਿਲੱਖਣ ਯਤਨਾਂ ਸਦਕਾ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਨਵੇਂ ਸ਼ੈਸ਼ਨ ਦੌਰਾਨ ਹੁਣ ਤੱਕ 8.32 4464 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹਟ ਕੇ ਆਏ ਹਨ।ਇਹ ਦਾਖਲਾ ਅਜੇ ਹੋਰ ਵਧਣ ਦੀ ਉਮੀਦ ਹੈ।
                 ਪਿਛਲੇ ਸ਼ੈਸ਼ਨ ‘ਚ ਪ੍ਰਾਇਮਰੀ ਵਿੰਗ ‘ਚ 20866 ਵਿਦਿਆਰਥੀ ਸਨ ਤੇ ਇਸ ਵਾਰ ਇਹ ਗਿਣਤੀ 23111 ਤੱਕ ਪੁੱਜ ਗਈ ਹੈ।ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਜਿਥੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਟਾਇਮ ਟੇਬਲ ਅਨੁਸਾਰ ਰੋਜ਼ਾਨਾ ਬੱਚਿਆਂ ਦੀਆਂ ਜਮਾਤਾਂ ਲਗਾਈਆਂ ਜਾ ਰਹੀਆਂ ਹਨ, ਉਥੇ ਜਿਲ੍ਹੇ ਦੇ ਵੱਖ-ਵੱਖ ਵਿਸ਼ਿਆਂ ਦੇ ਡੀ.ਐਮ/ਬੀ.ਐਮ ਅਤੇ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵਲੋਂ ਵੀ ਲਗਾਤਾਰ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ।ਮੀਡੀਆ ਟੀਮ ਵਲੋਂ ਵੀ ਆਨਲਾਈਨ ਜਮਾਤਾਂ ਲਗਾਉਣ ਵਾਲੇ ਅਧਿਆਪਕਾਂ ਦੇ ਪੋਸਟਰ ਬਣਾ ਕੇ ਉਨ੍ਹਾਂ ਦਾ ਮਨੋਬਲ ਵਧਾਇਆ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …