Monday, August 24, 2026

ਵਿਦਿਆਰਥੀਆਂ ਦੇ ਭਵਿੱਖ ਲਈ ਸਿੱਖਿਆ ਵਿਭਾਗ ਨੇ ਸਥਾਪਤ ਕੀਤਾ ‘ਪੰਜਾਬ ਕੈਰੀਅਰ ਪੋਰਟਲ’

ਘਰ ਬੈਠੇ ਹੀ ਅਸਾਨੀ ਨਾਲ ਵਿਦਿਆਰਥੀ ਲੱਭ ਸਕਣਗੇ ਉਚੇਰੀ ਸਿੱਖਿਆ ਤੇ ਰੁਜ਼ਗਾਰ ਦੇ ਖੇਤਰ

ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਭਵਿੱਖ ਲਈ ‘ਪੰਜਾਬ ਕੈਰੀਅਰ ਪੋਰਟਲ’ ਸਥਾਪਤ ਕੀਤਾ ਹੈ। ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਬੀਤੇ ਕੱਲ੍ਹ ਰਾਜ ਦੇ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਤੇ ਉਪ ਜਿਲ੍ਹਾ ਸਿੱਖਿਆ ਅਫਸਰਾਂ ਦੀ ‘ਪੰਜਾਬ ਕੈਰੀਅਰ ਪੋਰਟਲ‘ ਸਬੰਧੀ ਜ਼ੂਮ ਐਪ ਰਾਹੀਂ ਆਯੋਜਿਤ ਸਿਖਲਾਈ ਵਰਕਸ਼ਾਪ ‘ਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਉਕਤ ਪੋਰਟਲ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਸਬੰਧੀ ਯੋਗ ਅਗਵਾਈ ਦੇਵੇਗਾ।ਜਿਸ ਤਹਿਤ ਵਿਦਿਆਰਥੀ ਆਪਣੇ ਤੇ ਹੋਰਨਾਂ ਰਾਜਾਂ, ਬਾਹਰਲੇ ਮੁਲਕਾਂ ਵਿੱਚ ਆਪਣੀ ਉਚੇਰੀ ਸਿੱਖਿਆ ਦੇ ਖੇਤਰ ਦੀ ਚੋਣ ਕਰਕੇ, ਆਪਣੀ ਯੋਗਤਾ ਅਤੇ ਪਸੰਦ ਅਨੁਸਾਰ ਰੁਜ਼ਗਾਰ ਦੀ ਚੋਣ ਅਸਾਨੀ ਨਾਲ ਕਰ ਸਕਣਗੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਜਸਵੰਤ ਸਿੰਘ ਨੇ ਉਕਤ ਵਰਕਸ਼ਾਪ ‘ਚ ਹਿੱਸਾ ਲੈਣ ਉਪਰੰਤ ਕੀਤਾ।
                   ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਨਿੱਤ ਦਿਨ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਉਪਰਾਲਿਆਂ ਦੀ ਲੜੀ ਵਿੱਚ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੈਰੀਅਰ ਚੋਣ ਸਬੰਧੀ ਗਾਈਡੈਂਸ ਪ੍ਰਦਾਨ ਕਰਨ ਲਈ ‘ਪੰਜਾਬ ਕੈਰੀਅਰ ਪੋਰਟਲ‘ ਸਥਾਪਿਤ ਕੀਤਾ ਗਿਆ ਹੈ।ਇਸ ਪੋਰਟਲ ਦੀ ਵਰਤੋਂ ਕਰਨ ਲਈ ਹਰ ਵਿਦਿਆਰਥੀ ਦੀ ਨਿੱਜੀ ਆਈ.ਡੀ ਬਣਾਈ ਜਾਵੇਗੀ।ਜਿਸ ਦੀ ਵਰਤੋਂ ਕਰਦਿਆਂ ਵਿਦਿਆਰਥੀ ਆਪਣੇ ਦੇਸ਼ ਅਤੇ ਬਾਹਰਲੇ ਦੇਸ਼ਾਂ ਦੇ ਲਗਪਗ 21000 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 450 ਦੇ ਕਰੀਬ ਕਿੱਤਿਆਂ, ਲਗਪਗ 1150 ਪ੍ਰਵੇਸ਼ ਪ੍ਰੀਖਿਆਵਾਂ ਅਤੇ ਲਗਭਗ 1200 ਵਜ਼ੀਫ਼ਿਆਂ ਦੀ ਜਾਣਕਾਰੀ ਹਾਸਲ ਕਰ ਸਕਣਗੇ।
                    ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਯੂਨੀਸੈਫ, ਐਨ.ਜੀ.ਓ ਆਸਮਾਂ ਫਾਊਂਡੇਸ਼ਨ ਅਤੇ ਟਾਟਾ ਪਾਵਰ ਵਲੋਂ ਚਲਾਇਆ ਜਾ ਰਿਹਾ ਹੈ।ਰਾਜ ਦੇ ਲਗਭਗ 20000 ਸਕੂਲਾਂ ਦੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਪਗ 8.5 ਲੱਖ ਵਿਦਿਆਰਥੀਆਂ ਲਈ ਇਹ ਪ੍ਰੈਜੈਕਟ ਵਰਦਾਨ ਸਾਬਤ ਹੋਵੇਗਾ।ਇਹ ਪ੍ਰੋਜੈਕਟ ਲੜਕੀਆਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਸਹੀ ਸਟਰੀਮ ਦੀ ਚੋਣ ਕਰਕੇ ਰੁਜ਼ਗਾਰ ਪ੍ਰਾਪਤੀ ਵਿੱਚ ਖਾਸ ਤੌਰ ‘ਤੇ ਸਹਾਈ ਹੋਵੇਗਾ।
               ਇਸ ਮੌਕੇ ਜਿਲ੍ਹਾ ਐਮਆਈਐਸ ਕੋਆਰਡੀਨੇਟਰ ਮੁਨੀਸ਼ ਗੁਪਤਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬ੍ਰਿਜ ਰਾਜ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …