ਕੈਂਪ ਲਗਾ ਕੇ ਕੀਤਾ ਜਾ ਰਿਹਾ ਕੋਵਿਡ ਤੋਂ ਬਚਾਓ ਲਈ ਟੀਕਾਕਰਨ
ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ) – ਜਿਥੇ ਇੱਕ ਪਾਸੇ ਸਾਰੇ ਲੋਕ ਅਤੇ ਕੋਰੋਨਾ ਮਹਾਂਮਾਰੀ ਤੋਂ ਆਪਣੇ ਪਰਿਵਾਰ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਘਰ੍ਹਾਂ ਦੇ ਅੰਦਰ ਹਨ।ਅਜਿਹੇ ਸਮੇਂ ਲੋਕਾਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਅਜਿਹੇ ਕਰਮਚਾਰੀ ਅਤੇ ਅਧਿਕਾਰੀ ਵੀ ਹਨ ਜੋ ਲੋਕ ਸੇਵਾਂ ਹਿੱਤ ਛੁੱਟੀ ਦੇ ਦਿਨ ਵੀ ਆਪਣੀ ਡਿਊਟੀ ‘ਤੇ ਹਾਜ਼ਰ ਹਨ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨ੍ਹਾਂ ਦੋਰਾਨ ਲੇਬਰ ਵਿਭਾਗ ਨਾਲ ਰਜਿਸਟਰਡ ਉਸਾਰੀ ਕਾਮਿਆਂ ਨੂੰ ਟੀਕਾਕਰਨ ਕਰਨ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ।ਉਸਾਰੀ ਕਾਮਿਆਂ ਦੀ ਕਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ।ਲੇਬਰ ਵਿਭਾਗ ਪਠਾਨਕੋਟ ਦੇ ਕਰਮਚਾਰੀ ਮਨੋਜ ਸ਼ਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਤੇ ਅਮਿਤ ਕੁਮਾਰ ਸੀਨੀਅਰ ਸਹਾਇਕ ਲੇਬਰ ਵਿਭਾਗ ਪਠਾਨਕੋਟ ਵੱਲੋਂ ਐਤਵਾਰ ਦੇ ਦਿਨ ਵੀ ਜਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਥਾਵਾਂ ਤੇ ਕੈਂਪ ਲਗਾ ਕੇ ਮਜ਼ਦੂਰਾਂ ਦਾ ਟੀਕਾਕਰਨ ਕਰਵਾਇਆ ਗਿਆ ਅਤੇ ਕਰੋਨਾ ਤੋਂ ਬਚਾਓ ਕਰਨ ਲਈ ਲੇਬਰ ਨੂੰ ਜਾਗਰੁਕ ਕਰਦਿਆਂ ਕਰੋਨਾ ਟੈਸਟਿੰਗ ਵੀ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਰੋਨਾ ਕਾਲ ਦੌਰਾਨ ਰਜਿਸਟਰਡ ਉਸਾਰੀ ਮਜ਼ਦੂਰਾਂ ਨੂੰ 3000 ਰੁਪਏ ਪ੍ਰਤੀ ਮਜ਼ਦੂਰ ਭੱਤਾ ਦੇਣ ਦਾ ਫੈਸਲਾ ਵੀ ਕੀਤਾ ਹੈ।ਜੋ ਉਨ੍ਹਾਂ ਦੇ ਖਾਤਿਆਂ ਵਿੱਚ 15-15 ਸੌ ਰੁਪਏ ਦੀਆਂ ਦੋ ਕਿਸ਼ਤਾਂ ਵਿਚ ਪਾਇਆ ਜਾਵੇਗਾ।