ਯੂਨੀਵਰਸਿਟੀ ਨਾਲ ਬਹੁਤ ਹੀ ਗਹਿਰਾ ਤੇ ਨੇੜੇ ਦਾ ਸੰਬੰਧ ਰਿਹਾ ਹੈ- ਪ੍ਰੋ. (ਡਾ.) ਅਮਰਜੀਤ ਸਿੰਘ
ਅੰਮ੍ਰਿਤਸਰ, 18 ਮਈ (ਸੰਧੂ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ
ਜੋਗਿੰਦਰ ਸਿੰਘ ਜੀ ‘ਵੇਦਾਂਤੀ’ ਸਿੱਖ ਪੰਥ ਦੇ ਪ੍ਰਬੁੱਧ ਵਿਦਵਾਨ, ਗੁਰਬਾਣੀ ਨਿਯਾਮਵਲੀ ਦੇ ਗੂੜ ਗਿਆਨੀ, ਨਿਮਰ ਸੁਭਾਅ ਵਾਲੇ ਤੇ ਪਿਆਰ ਭਿੱਜੀ ਸ਼ਖਸ਼ੀਅਤ ਦੇ ਮਾਲਕ ਸਨ। ਭਾਵੇਂ ਕਿ ਉਹ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰੰਤੂ ਉਹਨਾਂ ਦੁਆਰਾ ਸਿੱਖ ਪੰਥ ਲਈ ਪਾਏ ਗਏ ਮਹੱਵਪੂਰਨ ਯੋਗਦਾਨ ਕਾਰਨ ਉਹ ਪੰਥਕ ਹਲਕਿਆਂ, ਸਿੱਖ ਅਕਾਦਮਿਕ ਖੇਤਰ ਅਤੇ ਪੰਥ ਦਰਦੀਆਂ ਦੇ ਹਿਰਦਿਆਂ ਵਿਚ ਹਮੇਸ਼ਾਂ ਜਿਊਂਦੇ/ ਵੱਸਦੇ ਰਹਿਣਗੇ।ਸਿੰਘ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਗੁਰੂ ਨਾਨਕ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਬਹੁਤ ਹੀ ਗਹਿਰਾ ਤੇ ਨੇੜੇ ਦਾ ਸੰਬੰਧ ਰਿਹਾ ਹੈ।ਸਿੰਘ ਸਾਹਿਬ ਪਿਛਲੇ ਕੁੱਝ ਅਰਸੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਨਾਲ ਸੰਬੰਧਤ ਖੋਜ਼ ਪ੍ਰੋਜੈਕਟ ਲਈ ਬਤੌਰ ਵਿਜ਼ਿਟਿੰਗ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।ਉਹਨਾਂ ਵੱਲੋਂ ਪਹਿਲਾ ਖੋਜ਼ ਪ੍ਰੋਜੈਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ‘ਗੁਰਬਾਣੀ ਨਿਯਮਾਵਲੀ’ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ‘ਨਿਤਨੇਮ ਦੀਆਂ ਬਾਣੀਆਂ’ ਦਾ ਟੀਕਾ ਪ੍ਰਕਾਸ਼ਨਾ ਅਧੀਨ ਹੈ।
ਇਸ ਉਪਰੰਤ ‘ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਾਲੇ ਪ੍ਰੋਜੈਕਟ ਵਿਚ ‘ਸ੍ਰੀ ਰਾਗ’ ਤੱਕ ਦੀ ਪਹਿਲੀਪੋਥੀ ਵੀ ਤਿਆਰ ਹੋ ਚੁੱਕੀ ਹੈ।ਇਸ ਤੋਂ ਇਲਾਵਾ ਗੁਰਬਾਣੀ ਨਿਯਮਾਵਲੀ ਨਾਲ ਸੰਬੰਧਤ 70 ਦੇ ਕਰੀਬ ਖੋਜ ਪੱਤਰ ਵੀ ਗੁਰਮਤਿ ਪ੍ਰਕਾਸ਼ ਮੈਗਜੀਨ ਵਿਚ ਪ੍ਰਕਾਸ਼ਿਤਹੋ ਚੁੱਕੇ ਹਨ।ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਲਈ ਹੱਥ-ਲਿਖਤ ਬੀੜਾਂ ਨਾਲ ਸੰਬੰਧਿਤ ਸਮੱਗਰੀ ਨੂੰ ਇਕੱਤਰ ਕਰਨ ਵਾਸਤੇ ਨਿੱਗਰ ਯੋਗਦਾਨ ਵੀ ਪਾਇਆ।ਉਪਰੋਕਤ ਸਾਰੇ ਪ੍ਰੋਜੈਕਟ ਸਿੰਘ ਸਾਹਿਬ ਜੀ ਦੇ ਡੂੰਘੇ ਤਜਰਬੇ, ਅਣਥੱਕ ਮਿਹਨਤ, ਮਿੱਠੇ ਸੁਭਾਅ ਸਦਕਾ ਹੀ ਸੰਭਵ ਹੋ ਸਕੇ।ਇਹਨਾਂ ਸਾਰੇ ਪ੍ਰੋਜੈਕਟਸ ਤੋਂ ਇਲਾਵਾ ਵੀ ਸਮੇ-ਸਮੇਂ ਸਿੰਘ ਸਾਹਿਬ ਜੀ ਵੱਲੋਂ ਬਹੁਤ ਸਾਰੇ ਪੰਥਕ ਕਾਰਜਾਂ ਲਈ ਵਿਸ਼ੇਸ਼ ਅਗਵਾਈ ਤੇ ਭਰਪੂਰ ਸਹਿਯੋਗ ਪ੍ਰਾਪਤ ਹੁੰਦਾ ਰਿਹਾ।
ਸਿੰਘ ਸਾਹਿਬ ਜੀ ਦੀ ਲਗਾਤਾਰ ਗੁਰਬਾਣੀ ਅਧਿਐਨ ਦੀ ਲਗ਼ਨ ਇਸ ਗੱਲ ਪ੍ਰਮਾਣ ਹੈ ਕਿ ਉਹਨਾਂ ਨੂੰ ਪੰਥ-ਰਤਨ ਕਥਾਵਾਚਕ ਤੇ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਵਿਆਕਰਨ ਦੇ ਪੰਡਿਤ ਸ਼ਬਦ ਨਾਲ ਨਿਵਾਜ਼ਦੇ ਸਨ।ਉਹਨਾਂ ਦਾ ਹੱਸਮੁੱਖ, ਮਿਲਾਪੜਾ ਤੇ ਸਭ ਦੇ ਸਿਰ ਤੇ ਅਸ਼ੀਰਵਾਦ ਨਾਲ ਭਰਿਆ ਹੱਥ ਰੱਖਣ ਵਾਲਾ ਸੁਭਾਅ ਸਾਡੇ ਹਿਰਦਿਆਂ ਨੂੰ ਹਮੇਸ਼ਾਂ ਟੁੰਬਦਾ ਰਹੇਗਾ।ਉਹ ਆਪਣੇ ਆਪ ਵਿਚ ਇਕ ਸੰਸਥਾ ਸਨ।
ਅਫਸੋਸ ਦੀ ਇਸ ਘੜੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਪ੍ਰੋ. ਸਹਿਬਾਨ, ਖੋਜਾਰਥੀਆਂ, ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਸੰਗਤੀ ਰੂਪ ਵਿਚ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਹਮੇਸ਼ਾਂ ਲਈ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media