ਡਿਪਟੀ ਕਮਿਸ਼ਨਰ ਨੂੰ ਸੌਂਪੀ ਘਟਨਾ ਦੀ ਜਾਂਚ ਰਿਪੋਰਟ
ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਬੀਤੇ ਦਿਨੀਂ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ
ਗੁਰਪ੍ਰੀਤ ਸਿੰਘ ਖਹਿਰਾ ਵਲੋਂ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ।ਇਸ ਵਿੱਚ ਕਮੇਟੀ ਵਿੱਚ ਡਿਪਟੀ ਡਾਇਰੈਟਰ ਸਥਾਨਕ ਸਰਕਾਰਾਂ ਡਾ. ਰਜ਼ਤ ਉਬਰਾਏ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਸ਼ਾਮਿਲ ਸਨ।ਉਨਾਂ ਨੇ ਉਕਤ ਰਿਪੋਰਟ ਵਿੱਚ ਸਪੱਸ਼ਟ ਕੀਤਾ ਕਿ ਹਸਪਤਾਲ ਕੋਰੋਨਾ ਦੇ ਇਲਾਜ਼ ਲਈ ਹਸਪਤਾਲ ਜਰੂਰੀ ਮਾਪਦੰਡਾਂ ‘ਤੇ ਪੂਰਾ ਨਹੀਂ ਉਤਰਦਾ।ਇਸ ਤੋਂ ਇਲਾਵਾ ਇੰਨਾ ਕੋਲ ਮਾਹਿਰ ਡਾਕਟਰਾਂ ਦੀ ਵੀ ਕਮੀ ਹੈ ਅਤੇ ਐਨਸਥੀਸੀਆ ਸਮੇਤ ਹੋਰ ਡਾਕਟਰ ਫੁੱਲ ਟਾਇਮ ਲਈ ਨਹੀਂ ਹਨ।ਕਮੇਟੀ ਨੇ ਨਤੀਜਾ ਕੱਢਿਆ ਕਿ ਹਸਪਤਾਲ ਪ੍ਰਬੰਧਕਾਂ ਕੋਲ ਕੋਰੋਨਾ ਦੇ ਇਲਾਜ਼ ਲਈ ਆਕਸੀਜਨ ਦਾ ਬਫਰ ਸਟਾਕ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਅਤੇ ਘਟਨਾ ਵਾਲੇ ਦਿਨ ਹਸਪਤਾਲ ਪ੍ਰਬੰਧਕਾਂ ਨੇ ਆਕਸੀਜਨ ਖਤਮ ਹੋਣ ਬਾਰੇ ਜਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਨਹੀਂ ਲਿਆਂਦਾ ਅਤੇ ਆਕਸੀਜਨ ਦੀ ਜੋ ਮੰਗ ਕੀਤੀ ਗਈ ਸੀ ਉਹ ਵੀ ਬਹੁਤ ਦੇਰੀ ਨਾਲ ਬਿਨਾਂ ਕਿਸੇ ਅਲਰਟ ਦੇ ਕੀਤੀ ਗਈ।
ਉਕਤ ਰਿਪੋਰਟ ਦੇ ਅਧਾਰ ‘ਤੇ ਡਿਪਟੀ ਕਮਿਸ਼ਨਰ ਖਹਿਰਾ ਨੇ ਨੀਲਕੰਠ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਸੂਚੀਬੱਧ ਕੀਤੇ ਗਏ ਹਸਪਤਾਲਾਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ।ਇਸ ਤੋਂ ਇਲਾਵਾ ਉਨਾਂ ਨੈਸ਼ਨਲ ਐਕਰੀਡੇਸ਼ਨ ਬੋਰਡ ਆਫ ਹਸਪਤਾਲ (ਐਨ.ਏ.ਬੀ.ਐਚ) ਨੂੰ ਪੱਤਰ ਲਿਖਣ ਦੀ ਹਦਾਇਤ ਕੀਤੀ ਹੈ, ਤਾਂ ਜੋ ਉਹ ਇਸ ਹਸਪਤਾਲ ਦੀ ਪਾਤਰਤਾ ਨੂੰ ਮੁੜ ਵਿਚਾਰ ਸਕਣ।ਕਮੇਟੀ ਕੋਲ ਮਰੀਜ਼ਾਂ ਦੇ ਰਿਸਤੇਦਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਸਪਤਾਲ ਕੋਰੋਨਾ ਮਰੀਜ਼ਾਂ ਤੋਂ ਵਾਧੂ ਪੈਸੇ ਵੀ ਵਸੂਲ ਕਰਦਾ ਰਿਹਾ ਹੈ।ਇਹ ਮਾਮਲਾ ਕਮੇਟੀ ਨੇ ਜਿਲ੍ਹਾ ਪੱਧਰ ‘ਤੇ ਓਵਰ ਚਾਰਜ਼ਿੰਗ ਬਾਰੇ ਬਣੀ ਕਮੇਟੀ ਕੋਲ ਅਗਲੇਰੀ ਕਾਰਵਾਈ ਲਈ ਭੇਜਣ ਦੀ ਸਿਫਾਰਸ਼ ਕੀਤੀ ਹੈ।
ਡਿਪਟੀ ਕਮਿਸ਼ਨਰ ਖਹਿਰਾ ਨੇ ਉਕਤ ਕਮੇਟੀ ਦੀ ਰਿਪੋਰਟ ਤੋਂ ਬਾਅਦ ਹਸਪਤਾਲ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਅਧੀਨ ਇਲਾਜ ਕਰਨ ਦੀ ਸੁਵਿਧਾ ਨੂੰ ਰੋਕਣ ਲਈ ਵੀ ਰਾਜ ਸਰਕਾਰ ਨੂੰ ਪੱਤਰ ਲਿਖਣ ਦੀ ਹਦਾਇਤ ਕੀਤੀ ਹੈ।ਇਹ ਰਿਪੋਰਟ ਸਿਹਤ ਵਿਭਾਗ ਪੰਜਾਬ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਜਾ ਰਹੀ ਹੈ।
Punjab Post Daily Online Newspaper & Print Media