ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਸੀਟੂ ਦਾ 51ਵਾਂ ਸਥਾਪਨਾ ਦਿਵਸ ਸੀਟੂ ਆਗੂਆਂ ਅਤੇ ਵਰਕਰਾਂ ਨੇ ਆਪਣੇ
ਘਰਾਂ ਅਤੇ ਵਪਾਰਕ ਅਦਾਰਿਆਂ ‘ਤੇ ਝੰਡੇ ਲਹਿਰਾ ਕੇ ਮਨਾਇਆ।
ਸਥਾਪਨਾ ਦਿਵਸ ਮੌਕੇ ਸੀਟੂ ਦੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਸੀਟੂ ਨਾਲ ਸਬੰਧਤ ਜਥੇਬੰਦੀਆਂ ਰੇਹੜੀ ਫੜੀ ਵਰਕਰ, ਉਸਾਰੀ ਮਜ਼ਦੂਰ, ਮਨਰੇਗਾ ਵਰਕਰ, ਪੇਂਡੂ ਚੌਂਕੀਦਾਰ, ਰਿਕਸ਼ਾ ਵਰਕਰ, ਦੁਕਾਨਾਂ ਤੇ ਕੰਮ ਕਰਨ ਵਾਲੇ ਵਰਕਰਾਂ ਨੇ ਝੰਡੇ ਲਹਿਰਾਏ।ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡ ਜਤਿੰਦਰਪਾਲ ਸਿੰਘ ਅਤੇ ਸੀਟੂ ਮਨਰੇਗਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰਮੀ ਨੇ ਕਿਹਾ ਕਿ ਸੀਟੂ ਨੇ ਆਪਣੀ ਸਥਾਪਨਾ ਵੇਲੇ ਭਾਵ ਮਈ 1970 ਵੇਲੇ ਹੀ ਆਪਣਾ ਉਦੇਸ਼ ਦੇਸ਼ ਵਿਚ ਸਮਾਜਵਾਦ ਦੀ ਸਥਾਪਨਾ ਕਰਨਾ ਐਲਾਨਿਆ ਸੀ।ਇਸ ਲਈ ਸਾਨੂੰ ਅੱਜ ਦੇ ਮੁੱਦਿਆਂ ਦੇ ਪਿੱਛੇ ਦੀ ਨੀਤੀ ਅਤੇ ਨੀਤੀ ਦੇ ਪਿੱਛੇ ਦੀ ਰਾਜਨੀਤੀ ਨੂੰ ਸਮਝਣਾ ਸਾਡਾ ਫਰਜ਼ ਬਣਦਾ ਹੈ।ਸਾਡੀ 1970 ਤੋਂ ਹੀ ਨਿਰਧਾਰਿਤ ਕੀਤੀ ਕਾਰਜ਼ਨੀਤੀ ਏਕਤਾ ਅਤੇ ਸੰਘਰਸ਼ ਦੀ ਲਾਈਨ ਉਤੇ ਕਾਰਜ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੀਟੂ ਨੇ ਮਜ਼ਦੂਰਾਂ ਦੀਆਂ ਮੰਗਾਂ ਲਈ ਤਿੱਖੇ ਸੰਘਰਸ਼ ਵਿੱਢੇ ਅਤੇ ਕੇਂਦਰ ਸਰਕਾਰ ਦੀਆਂ ਪੂੰਜੀਪਤੀਆਂ ਪੱਖੀ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।ਮੋਦੀ ਦੀ ਭਾਜਪਾ ਸਰਕਾਰ ਨੇ ਮਜ਼ਦੂਰਾਂ ਵਲੋਂ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਨੂੰਨਾਂ ਨੂੰ ਕੋਡਾਂ ਵਿੱਚ ਬਦਲ ਦਿੱਤਾ ਹੈ ਅਤੇ ਕਿਸਾਨਾਂ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਕੇ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।ਸੀਟੂ ਟਰੇਡ ਯੂਨੀਅਨਾਂ ਨੂੰ ਇਕੱਠੇ ਕਰਕੇ ਲਗਾਤਾਰ ਸੰਘਰਸ਼ਸ਼ੀਲ ਹੈ ਅਤੇ ਕਿਸਾਨਾਂ ਦੇ ਸੰਘਰਸ਼ ਦੀ ਡਟ ਕੇ ਮਦਦ ਕਰ ਰਹੀ ਹੈ।ਸੀਟੂ ਦੇ ਸਥਾਪਨਾ ਦਿਵਸ ਮੌਕੇ ਲੁਧਿਆਣਾ-ਬਠਿੰਡਾ ਮਾਰਗ ‘ਤੇ ਸੀਟੂ ਆਗੂਆਂ ਅਤੇ ਵਰਕਰਾਂ ਨੇ ਸੀਟੂ ਜਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ।
ਇਸ ਮੌਕੇ ਪ੍ਰਿਤਪਾਲ ਸਿੰਘ ਬਿੱਟਾ, ਰੁਲਦਾ ਸਿੰਘ ਗੋਬਿੰਦਗੜ੍ਹ, ਕਰਮਜੀਤ ਸਿੰਘ ਸੰਨੀ, ਗੁਰਨਾਮ ਸਿੰਘ ਰਾਜ, ਜਸਵੰਤ ਸਿੰਘ ਜੋਗਾ, ਕਰਨੈਲ ਸਿੰਘ ਦੱਧਾਹੂਰ, ਦਵਿੰਦਰ ਸਿੰਘ ਲਾਡੀ, ਜਗਦੀਸ਼ ਸਿੰਘ ਚੌਕੀਦਾਰ, ਗਿਆਨ ਸਿੰਘ ਜੌਹਲਾਂ, ਗੁਰਮੁੱਖ ਸਿੰਘ ਜੌਹਲਾਂ, ਸਤਵਿੰਦਰ ਸਿੰਘ ਮਾੜਾ, ਬਹਾਦਰ ਸਿੰਘ ਨੂਰਪੁਰਾ, ਰਾਜੂ ਨੂਰਪਰਾ, ਗੁਰਦੀਪ ਸਿੰਘ ਬੁਰਜ਼ ਹਕੀਮਾਂ, ਚਮਕੌਰ ਸਿੰਘ ਨੂਰਪੁਰਾ ਅਤੇ ਸਚਿਨ ਗਰਗ ਗੋਲੂ ਸਿਵੀਆਂ ਆਦਿ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media