15 ਅਗਸਤ 2015 ਤੱਕ ਪੂਰਾ ਹੋਣ ਦੀ ਉਮੀਦ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) -‘ਪੰਜਾਬ ਦੇ ਬਹਾਦਰ ਫੌਜੀ ਜਵਾਨਾਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਕੀਤੀਆਂ ਗਈਆਂ ਲਾਮਿਸਾਲ ਕੁਰਬਾਨੀਆਂ ਦੀ ਯਾਦ ਵਿਚ ਅੰਮ੍ਰਿਤਸਰ-ਅਟਾਰੀ ਸੜਕ ਤੇ ਉਸਾਰੀ ਜਾ ਰਹੀ ਜੰਗੀ ਯਾਦਗਾਰ ਪੰਜਾਬੀਆਂ ਦੇ ਗੌਰਵਮਈ ਇਤਹਾਸ ਨੂੰ ਰੂਪਮਾਨ ਕਰਦੀ ਹੋਈ ਜਿੱਥੇ ਮੀਲਾਂ ਤੋਂ ਨਜ਼ਰ ਆਵੇਗੀ, ਉਥੇ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਪੰਜਾਬ ਦੇ ਬਹਾਦਰ ਸਪੂਤਾਂ ਦੀਆਂ ਕੁਰਬਾਨੀਆਂ ਯਾਦ ਕਰਵਾ ਕੇ ਆਪ ਮੁਹਾਰੇ ਸਿਰ ਝੁਕਾਉਣ ਲਈ ਮਜ਼ਬੂਰ ਕਰੇਗੀ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਯਾਦਗਾਰ ਬਾਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ ਵਿਚ ਕੀਤਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਇਸ ਸੁਪਨਮਈ ਪ੍ਰਾਜੈਕਟ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ 15 ਅਗਸਤ 2015 ਤੱਕ ਇਹ ਯਾਦਗਾਰ ਆਮ ਲੋਕਾਂ ਦੇ ਦਰਸ਼ਨ ਲਈ ਖੋਲ੍ਹ ਦਿੱਤੀ ਜਾਵੇ। ਉਨਾਂ ਦੱਸਿਆ ਕਿ ਕਰੀਬ 7 ਏਕੜ ਰਕਬੇ ਵਿਚ ਇਹ ਯਾਦਗਾਰ 86 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ।
ਸ੍ਰੀ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ ਇਸ ਆਲੀਸ਼ਾਨ ਯਾਦਗਾਰ ਵਿਚ 45 ਮੀਟਰ ਉਚਾ ਇਕ ਸਟੀਲ ਦਾ ਖੰਡਾ ਬਣਾਇਆ ਜਾਣਾ ਹੈ, ਜੋ ਕਿ ਪੰਜਾਬੀਆਂ ਦੀ ਬਹਾਦਰੀ ਦਾ ਪ੍ਰਗਟਾਵਾ ਕਰੇਗਾ।ਉਨਾਂ ਦੱਸਿਆ ਕਿ ਸ. ਬਾਦਲ ਚਾਹੁੰਦੇ ਹਨ ਕਿ ਪੰਜਾਬ ਦੇ ਬਹਾਦਰ ਫੌਜੀ, ਜਿੰਨਾਂ ਨੇ ਦੇਸ਼ ‘ਤੇ ਬਿਪਤਾ ਬਣਨ ਵਾਲੇ ਆਪਣੇ ਪ੍ਰਣਾਂ ਦੀ ਪ੍ਰਵਾਹ ਤੱਕ ਨਹੀਂ ਕੀਤੀ, ਉਨਾਂ ਦੀ ਇਹ ਯਾਦਗਾਰ ਸੋਹਣੀ ਹੋਣ ਦੇ ਨਾਲ-ਨਾਲ ਦੇਸ਼ ਦੀ ਨਵੀਂ ਪੀੜ੍ਹੀ ਨੂੰ ਦੇਸ਼ ਭਗਤੀ ਦਾ ਸੁਨੇਹਾ ਦੇਣ ਵਿਚ ਵੀ ਪੂਰੀ ਉਤਰੇ। ਇਸ ਲਈ ਇਸ ਪ੍ਰਾਜੈਕਟ ਵਿਚ 8 ਗੈਲਰੀਆਂ ਬਣਾਈਆਂ ਜਾਣਗੀਆਂ, ਜੋ ਕਿ ਤਸਵੀਰਾਂ, ਆਡੀਓ-ਵੀਡੀਓ ਅਤੇ ਡਿਜ਼ੀਟਲ ਦੇ ਸੁਮੇਲ ਨਾਲ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਕਾਰਗਿਲ ਦੀ ਜੰਗ ਤੱਕ ਸਿੱਖ ਜਰਨੈਲਾਂ ਵੱਲੋਂ ਵਿਖਾਏ ਗਏ ਬਹਾਦਰੀ ਦੇ ਕਿੱਸਿਆਂ ਨੂੰ ਦਰਸ਼ਕਾਂ ਸਾਹਮਣੇ ਰੱਖਣਗੇ। ਇਸ ਤੋਂ ਇਲਾਵਾ ਇੱਥੇ ਬਣਾਏ ਜਾਣ ਵਾਲੇ ‘ਫਾਈਵ ਡੀ’ ਆਡੀਟੋਰੀਅਮ ਵੱਖ-ਵੱਖ ਜੰਗਾਂ ਨੂੰ ਇੰਝ ਬਿਆਨ ਕਰੇਗਾ ਕਿ ਦਰਸ਼ਕ ਆਪਣੇ ਆਪ ਨੂੰ ਜੰਗ ਦੇ ਮੈਦਾਨ ਵਿਚ ਖਲੋਤਾ ਹੀ ਮਹਿਸੂਸ ਕਰੇਗਾ।
ਸ੍ਰੀ ਭਗਤ ਨੇ ਦੱਸਿਆ ਕਿ ਇੱਥੇ ਹੋਣ ਵਾਲੀ ਲੈਂਡ ਸਕੇਪਿੰਗ ਨੂੰ ਇਸ ਤਰਾਂ ਡਿਜਾਈਨ ਕੀਤਾ ਗਿਆ ਹੈ ਕਿ ਉਹ ਬਰਤਾਨੀਆ ਰਾਜ ਤੋਂ ਪਹਿਲਾਂ, ਅੰਗਰੇਜਾਂ ਦੇ ਰਾਜ ਅਤੇ ਦੇਸ਼ ਦੀ ਅਜ਼ਾਦੀ ਤੋਂ ਹੁਣ ਤੱਕ ਦੇ ਤਿੰਨ ਵੱਖ-ਵੱਖ ਪੜਾਵਾਂ ਨੂੰ ਸੁਰਜੀਤ ਕਰੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਥੇ ਸ਼ੁਰੂ ਕੀਤਾ ਜਾਣ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਵੱਖ-ਵੱਖ ਸਮਿਆਂ ‘ਤੇ ਪੰਜਾਬੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਬਿਆਨ ਕਰੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਪ੍ਰਾਜੈਕਟ ਦੀ ਉਸਾਰੀ ਨੂੰ ਵੇਖਣ ਲਈ ਹੁਣ ਤੱਕ ਤਿੰਨ ਵਾਰ ਆ ਚੁੱਕੇ ਹਨ। ਇਸ ਤੋਂ ਇਲਾਵਾ ਸੈਰ ਸਪਾਟਾ ਤੇ ਸਭਿਆਚਾਰ ਵਿਭਾਗ, ਜੋ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰ ਰਿਹਾ ਹੈ, ਦੇ ਮੰਤਰੀ ਵੀ ਲਗਾਤਾਰ ਇਸ ਪ੍ਰਾਜੈਕਟ ਦੀ ਉਸਾਰੀ ਬਾਰੇ ਅਪਡੇਟ ਹੋਣ ਲਈ ਪ੍ਰਾਜੈਕਟ ਦਾ ਦੌਰਾ ਕਰਦੇ ਰਹਿੰਦੇ ਹਨ। ਉਨਾਂ ਦੱਸਿਆ ਕਿ ਉਕਤ ਪ੍ਰਾਜੈਕਟ ਮਿੱਥੇ ਸਮੇਂ ਤੱਕ ਪੂਰਾ ਹੋਣ ਦੀ ਉਮੀਦ ਹੈ।
Punjab Post Daily Online Newspaper & Print Media