5 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਸਜਾਇਆ ਜਾਵੇਗਾ ਅਲੌਕਿਕ ਨਗਰ ਕੀਰਤਨ
ਨਵੀ ਦਿੱਲੀ, 4 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੰਨਾਉਣ ਲਈ 5 ਅਤੇ 6 ਨਵੰਬਰ (20 ਅਤੇ 21 ਕਤਕ, ਸੰਮਤ ਨਾਨਕਸ਼ਾਹੀ 546) ਬੁਧਵਾਰ ਅਤੇ ਵੀਰਵਾਰ ਦਾ ਦੋ-ਦਿਨਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਬੁਧਵਾਰ 5 ਨਵੰਬਰ ਨੂੰ ਸਵੇਰੇ 10 ਵੱਜੇ ਲਾਲ ਕਿਲ੍ਹਾ ਗ੍ਰਾਉਂਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਅਰੰਭ ਹੋਵੇਗਾ, ਜੋ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਰਾਤ ਗੁਰਦੁਆਰਾ ਨਾਨਕ ਪਿਆਓ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਨਗਰ ਕੀਰਤਨ ਵਿੱਚ ਰਣਜੀਤ ਨਗਾਰਾ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬਚਿਆਂ ਦੇ ਬਾਵਰਦੀ ਬੈਂਡ, ਸ਼ਬਦੀ ਜੱਥੇ, ਗਤਕਾ ਪਾਰਟੀਆਂ ਅਤੇ ਸੰਗਤਾਂ ਪੈਦਲ ਸ਼ਾਮਲ ਹੋ ਨਗਰ ਕੀਰਤਨ ਦੀ ਸ਼ੋਭਾ ਵਧਾਣਗੀਆਂ।
ਸ. ਰਾਣਾ ਨੇ ਦਸਿਆ ਕਿ ਬੁਧਵਾਰ 5 ਨਵੰਬਰ ਨੂੰ ਹੀ ਸਵੇਰੇ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਸ਼ਾਮ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਸ. ਪਰਮਜੀਤ ਸਿੰਘ ਰਾਣਾ ਨੇ ਹੋਰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰਾਤ ਦੇਰ ਤਕ ਹੋਣ ਵਾਲਾ ਮੁੱਖ ਸਮਾਗਮ ਵੀਰਵਾਰ 6 ਨਵੰਬਰ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲਖੀਸ਼ਾਹ ਵਣਜਾਰਾ ਹਾਲ ਵਿਖੇ ਹੋਵੇਗਾ। ਜਿਸਦੀ ਅਰੰਭਤਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ। ਆਸਾ ਦੀ ਵਾਰ ਦਾ ਕੀਰਤਨ ਜਵਦੀ ਕਲਾਂ ਟਕਸਾਲ ਦੇ ਵਿਦਿਆਰਥੀ ਕਰਨਗੇ। ਉਪਰੰਤ 9 ਤੋਂ 10 ਵਜੇ ਤਕ ਭਾਈ ਅਪਾਰ ਸਿੰਘ (ਇੰਗਲੈਂਡ) ਅਤੇ ਭਾਈ ਕੁਲਵੰਤ ਸਿੰਘ ਪ੍ਰਭਾਤ ਗੁਰ-ਸ਼ਬਦ ਦਾ ਕੀਰਤਨ ਕਰਨਗੇ, ਜਿਸਦਾ ਸਿੱਧਾ ਪ੍ਰਸਾਰਣ ਆਲ ਇੰਡਿਆ ਰੇਡਿਉ ਤੋਂ ਹੋਵੇਗਾ। ਭਾਈ ਗੁਰਬਖਸ਼ ਸਿੰਘ ਗੁਲਸ਼ਨ ਗੁਰਸ਼ਬਦ ਦੀ ਕਥਾ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਣਗੇ। ਉਨ੍ਹਾਂ ਦਸਿਆ ਕਿ ਇਸ ਸਮਾਗਮ ਵਿੱਚ ਪੰਥ ਪ੍ਰਵਾਨਤ ਪ੍ਰਸਿੱਧ ਕੀਰਤਨੀ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਅਤੇ ਇਸ ਮੋਕੇ ਤੇ ਹੋਣ ਵਾਲੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਪੁਰ ਅਧਾਰਤ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਪੇਸ਼ ਕਰਨਗੇ। ਦੁਪਹਿਰ ਬਾਅਦ ਪੰਥਕ ਆਗੂ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ, ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਸੇਵਾ ਪੰਥੀ ਬਾਬਾ ਬਚਨ ਸਿੰਘ ਜੀ ਇਸ ਮੌਕੇ ਤੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਣਗੇ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2.30 ਤਕ ਅਤੇ ਰਾਤ 9 ਵਜੇ ਤੋਂ ਸਮਾਪਤੀ ਤਕ ਚੜ੍ਹਦੀਕਲਾ ਟਾਈਮ ਟੀਵੀ ਅਤੇ ਗੁਰਦੁਆਰਾ ਕਮੇਟੀ ਦੀ ਵੈੱਬਸਾਈਟwww.baani.net ਤੇ ਹੋਵੇਗਾ। ਸ. ਰਾਣਾ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਇਤਿਹਾਸਕ ਗੁਰਦੁਆਰਿਆਂ ਪੁਰ ਦਰਸ਼ਨੀ ਦੀਪਮਾਲਾ ਹੋਵੇਗੀ।