Tuesday, February 24, 2026

ਆਪ ਦੇ ਤਿੰਨ ਵਿਧਾਇਕਾਂ ਦੀ ਕਾਂਗਰਸ ‘ਚ ਸ਼ਮੂਲੀਅਤ ਪੰਜਾਬ ਦੇ ਰਾਜਨੀਤਕ ਨਿਘਾਰ ਦਾ ਦੁਖਾਂਤ – ਝੂੰਦਾਂ

ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਦੇ ਤਿੰਨ ਵਿਧਾਇਕਾਂ ਦੀ ਕਾਂਗਰਸ ‘ਚ ਸ਼ਮੂਲੀਅਤ ਪੰਜਾਬ ਦੇ ਰਾਜਨੀਤਕ ਨਿਘਾਰ ਦਾ ਦੁਖਾਂਤ ਹੈ।ਉਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਇਹ ਸਾਬਤ ਕਰਦਾ ਹੈ ਕਿ ਜੋ ਲੋਕ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਰ ਪੱਖ ਤੋਂ ਨਿੰਦਿਆ ਕਰਦੇ ਸਨ, ਉਹ ਇੱਕ ਦਿਨ ਵਿੱਚ ਹੀ ਕੈਪਟਨ ਦੇ ਸੋਹਲੇ ਗਾਉਣ ਲੱਗ ਗਏ ਹਨ।ਜੋ ਆਗੂ ਵੱਡੀਆਂ ਤਬਦੀਲੀਆਂ ਅਤੇ ਇਨਕਲਾਬ ਦੀਆਂ ਗੱਲਾ ਕਰਦੇ ਸਨ, ਕਾਂਗਰਸ ਨੂੰ ਪੰਜਾਬ ਅਤੇ ਸਮਾਜ ਵਿਰੋਧੀ ਪਾਰਟੀ ਦੱਸਦੇ ਸਨ, ਜਾਅਲੀ ਸ਼ਰਾਬ ਦੀਆਂ ਫੈਕਟਰੀਆਂ, ਰੇਤ ਮਾਫੀਆ ਨਸ਼ੇ ਅਤੇ ਕੈਪਟਨ ਸਰਕਾਰ ਨੂੰ ਰਿਸ਼ਵਤਖੋਰੀ ਦਾ ਦੋਸ਼ੀ ਮੰਨਦੇ ਸਨ।ਅੱਜ ਉਹ ਆਪਣੇ ਨਿੱਜੀ ਸਵਾਰਥ ਦੀ ਪੂਰਤੀ ਲਈ ਦੁਬਾਰਾ ਪੰਜਾਬ ਅਤੇ ਸਿੱਖ ਕੌਮ ਦੀ ਦੋਖੀ ਪਾਰਟੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।ਜਿਸ ਤੋਂ ਖਹਿਰਾ ਦਾ ਅਸਲੀ ਚਿਹਰਾ ਨੰਗਾ ਹੋਇਆ ਹੈ।ਉਨਾਂ ਕਿਹਾ ਕਿ ਸੁਖਪਾਲ ਖਹਿਰਾ ਲੰਮਾ ਸਮਾਂ ਆਪਣੀ ਅਸਲੀਅਤ ਛੁਪਾ ਕੇ ਡਰਾਮਾ ਰਚਦੇ ਰਹੇ ਅਤੇ ਜਦੋਂ ਕੋਈ ਪ੍ਰਾਪਤੀ ਹੁੰਦੀ ਨਹੀਂ ਦਿਖੀ ਤਾਂ ਦੁਬਾਰਾ ਤੋਂ ਵਿਧਾਇਕ ਬਣਨ ਦੀ ਲਾਲਸਾ ਲੈ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ।
                     ਜਿਥੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ 2 ਵਿਧਾਇਕ ਫੂਲਕਾ ਅਤੇ ਮਾਨਸ਼ਾਹੀਆ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ ਅਤੇ 2-3 ਹੋਰ ਵਿਧਾਇਕ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ।ਇਸ ਤੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਪਾਰਟੀ ਦੇ 20 ਵਿੱਚੋਂ 8-10 ਵਿਧਾਇਕ ਹੀ ਪਾਰਟੀ ਛੱਡ ਦੇਣ ਉਸ ਪਾਰਟੀ ਦੀਆਂ ਨੀਤੀਆਂ ਕਿਹੋ ਜਿਹੀਆਂ ਹੋਣਗੀਆਂ।ਇਸ ਕਰ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਤੇ ਹੀ ਆਉਣ ਵਾਲ਼ੀਆਂ ਚੋਣਾਂ ਵਿੱਚ ਭਰੋਸਾ ਪ੍ਰਗਟ ਕਰਨਾ ਚਾਹੀਦਾ ਹੈ, ਕਿਉਂਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਪੰਜਾਬ ਦੀ ਦੁਸ਼ਮਣ ਜਮਾਤ ਰਹੀ ਹੈ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …