ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ) – ਸਿਹਤ ਵਿਭਾਗ ਪੰਜਾਬ ਵਲੋਂ ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਮਲੇਰੀਆ ਜਾਗਰੂਕਤਾ
ਮਹੀਨੇ ਦੀ ਸ਼ੁਰੂਆਤ ਕੀਤੀ ਗਈ ਤੇ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਵਲੋਂ ਮਲੇਰੀਆ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ।
ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਮਲੇਰੀਆ ਇੱਕ ਖਾਸ ਕਿਸਮ ਦੇ ਐਨਾਫਲੀਜ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਹ ਮੱਛਰ ਖੜੇ ਪਾਣੀ ਵਿੱਚ ਪਲਦਾ ਹੈ ਤੇ ਬਰਸਾਤਾਂ ਦੇ ਮੌਸਮ ਵਿੱਚ ਥਾਂ-ਥਾਂ ਪਾਣੀ ਇਕੱਠਾ ਹੋਣ ਨਾਲ ਜਾਂ ਟੋਭਿਆਂ ਆਦਿ ਵਿੱਚ ਭਰੇ ਹੋਏ ਪਾਣੀ ਵਿਚ ਇਹ ਮੱਛਰ ਤੇਜ਼ੀ ਨਾਲ ਵਧਦਾ ਹੈ।ਉਨ੍ਹਾਂ ਕਿਹਾ ਕਿ ਕਾਂਬਾ ਲੱਗ ਕੇ ਤੇਜ਼ ਬੁਖਾਰ ਚੜ੍ਹਣਾ, ਸਿਰ ਦਰਦ, ਜੋੜਾਂ ’ਚ ਦਰਦ, ਉਲਟੀਆਂ ਆਦਿ ਇਹ ਮਲੇਰੀਆ ਦੇ ਲੱਛਣ ਹਨ।ਉਨ੍ਹਾਂ ਕਿਹਾ ਕਿ ਇਹ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋਂ ਖ਼ੂਨ ਦੀ ਜਾਂਚ ਕਰਉਣੀ ਚਾਹੀਦੀ ਹੈ।ਮਲੇਰੀਆ ਦੀ ਜਾਂਚ ਤੇ ਇਲਾਜ਼ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ, ਤਰਲ ਪਦਾਰਥ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਅਪਣਾ ਸਰੀਰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ।ਸਿਹਤ ਵਿਭਾਗ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਾਣੀ ਜਮ੍ਹਾਂ ਹੋਣ ਅਤੇ ਮੱਛਰਾਂ ਦੇ ਪਲਣ ਵਾਲੀਆਂ ਥਾਵਾਂ ਨੂੰ ਸਮੇਂ-ਸਮੇਂ ’ਤੇ ਰਸਾਇਣਕ ਦਵਾਈਆਂ ਦਾ ਛਿੜਕਾ ਕਰਕੇ ਲਾਰਵਾ ਮੁਕਤ ਕੀਤਾ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ.ਐਸ.ਜੇ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭਗਵਾਨ ਸਿੰਘ, ਐਪੀਡੀਮੋਲੋਜਿਸਟ ਡਾ. ਸਨਵੀਰ ਤੇ ਡਾ. ਉਪਾਸਨਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਜੈ ਕੁਮਾਰ ਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media