Tuesday, February 24, 2026

ਸਫ਼ਾਈ ਸੇਵਕਾਂ ਦੇ ਭਾਰੀ ਵਿਰੋਧ ਕਾਰਨ ਕੌਂਸਲਰਾਂ ਵਲੋਂ ਕਸਬਾ ਲੌਂਗੋਵਾਲ ਵਿਖੇ ਚਲਾਈ ਜਾਣ ਵਾਲੀ ਸਫ਼ਾਈ ਮੁਹਿੰਮ ਰੱਦ

ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਜਲਦੀ ਹੱਲ ਕਰੇ ਪੰਜਾਬ ਸਰਕਾਰ – ਕੌਂਸਲਰ
ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ ਸਿੰਘ) – ਸਫ਼ਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੂਬਾ ਪੱਧਰੀ ਹੜਤਾਲ ਕਾਰਨ ਜਿਥੇ ਪੂਰੇ ਪੰਜਾਬ ਅੰਦਰ ਸਫ਼ਾਈ ਵਿਵੱਸਥਾ ਦੀ ਹਾਲਤ ਬਹੁਤ ਖਰਾਬ ਹੈ।ਉਥੇ ਹੀ ਕਸਬਾ ਲੌਂਗੋਵਾਲ ਵਿਖੇ ਵੀ ਸਥਿਤੀ ਬਹੁਤ ਗੰਭੀਰ ਹੈ ਇਸ ਲਈ ਲੌਂਗੋਵਾਲ ਦੇ ਕੌਂਸਲਰਾਂ ਨੇ ਪਿਛਲੇ ਦਿਨੀਂ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਸੰਸਥਾਵਾਂ ਨੂੰ ਕਸਬੇ ਵਿਖੇ ਸਫਾਈ ਅਭਿਆਨ ਚਲਾਉਣ ਲਈ ਸੱਦਾ ਦਿੱਤਾ ਸੀ ਅਤੇ ਇਸ ਸਬੰਧੀ ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਇੱਕ ਅਹਿਮ ਮੀਟਿੰਗ ਵੀ ਰੱਖੀ ਗਈ ਸੀ।ਪਰ ਜਦੋਂ ਕੌਂਸਲ ਦਫਤਰ ਵਿਖੇ ਕੌਂਸਲਰ ਮੀਟਿੰਗ ਕਰਨ ਲਈ ਪੁੱਜੇ ਤਾਂ ਉਥੇ ਧਰਨਾ ਲਗਾਈ ਬੈਠੇ ਸਫਾਈ ਸੇਵਕਾਂ ਨੇ ਇਸ ਸਫਾਈ ਮੁਹਿੰਮ ਦਾ ਪੂਰਾ ਵਿਰੋਧ ਕੀਤਾ।ਸਫ਼ਾਈ ਸੇਵਕਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਇਸ ਨਾਲ ਉਨਾਂ ਦੀ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਕਾਫ਼ੀ ਧੱਕਾ ਲੱਗੇਗਾ, ਇਸ ਲਈ ਸਫ਼ਾਈ ਮੁਹਿੰਮ ਨੂੰ ਰੱਦ ਕੀਤਾ ਜਾਵੇ।
                     ਕੌਂਸਲਰ ਰਣਜੀਤ ਸਿੰਘ ਕੂਕਾ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਗੁਰਮੀਤ ਸਿੰਘ ਫੌਜੀ, ਕੌਂਸਲਰ ਸੁਸ਼ਮਾ ਰਾਣੀ, ਕੌਂਸਲਰ ਪਰਮਿੰਦਰ ਕੌਰ ਬਰਾੜ, ਕਸਬੇ ਦੇ ਸੀਨੀਅਰ ਆਪ ਆਗੂ ਕਰਮ ਸਿੰਘ ਬਰਾੜ ਅਤੇ ਉਘੇ ਸਮਾਜ ਸੇਵਕ ਸਿਸ਼ਨਪਾਲ ਗਰਗ ਨੇ ਸਫ਼ਾਈ ਸੇਵਕਾਂ ਨੂੰ ਬਹੁਤ ਸਮਝਾਉਣ ਦਾ ਯਤਨ ਕੀਤਾ ਕਿ ਜੇਕਰ ਇਲਾਕੇ ਅੰਦਰ ਇਸੇ ਤਰ੍ਹਾਂ ਕੂੜਾ ਕਰਕਟ ਤੇ ਗੰਦਗੀ ਪਈ ਰਹੀ ਤਾਂ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਹੈ।ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ, ਪਰ ਸਫ਼ਾਈ ਸੇਵਕਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਲੌਂਗੋਵਾਲ ਵਿਖੇ ਸਫ਼ਾਈ ਨਾ ਕੀਤੀ ਜਾਵੇ।ਇਸ ਸਮੇਂ ਕਾਫ਼ੀ ਦੇਰ ਗਹਿਰੀ ਚਰਚਾ ਕਰਨ ਤੋਂ ਬਾਅਦ ਕੌਂਸਲਰਾਂ ਨੇ ਸਫ਼ਾਈ ਸੇਵਕਾਂ ਦੀ ਅਹਿਮ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕਸਬੇ ਵਿਖੇ ਚਲਾਏ ਜਾਣ ਵਾਲੇ ਸਫ਼ਾਈ ਅਭਿਆਨ ਨੂੰ ਰੱਦ ਕਰ ਦਿੱਤਾ।
                   ਸਮੁੱਚੇ ਕੌਂਸਲਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਜਲਦੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪੂਰੀ ਸਫ਼ਾਈ ਵਿਵਸਥਾ ਸਹੀ ਤਰੀਕੇ ਨਾਲ ਚੱਲ ਸਕੇ।ਇਸ ਸਮੇਂ ਵਿਰੋਧੀ ਧਿਰ ਦੇ 6 ਕੌਂਸਲਰਾਂ ਨੇ ਕਿਹਾ ਕਿ ਉਹ ਇਨ੍ਹਾਂ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਾਂ।
                  ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰਜ਼ ਬੋਰਡ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਉਘੇ ਸਮਾਜ ਸੇਵਕ ਜਸਵੀਰ ਸਿੰਘ ਲੌਂਗੋਵਾਲ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …