ਸੰਯੁਕਤ ਮੋਰਚੇ ਦੇ ਸੱਦੇ ‘ਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ
ਸਮਰਾਲਾ, 7 ਜੂਨ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ
ਸਮਰਾਲਾ ਵਿਖੇ ਬਲਵੀਰ ਸਿੰਘ ਖੀਰਨੀਆਂ ਅਤੇ ਦਰਸ਼ਨ ਸਿੰਘ ਬੌਂਦਲੀ (ਦੋਨੋਂ ਜ਼ਿਲ੍ਹਾ ਮੀਤ ਪ੍ਰਧਾਨ) ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਪਿਛਲੇ 6 ਮਹੀਨੇ ਦੇ ਵੱਧ ਸਮੇਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਪ੍ਰਤੀ ਵਿਚਾਰਾਂ ਕੀਤੀਆਂ ਗਈਆਂ।
ਬਲਵੀਰ ਸਿੰਘ ਖੀਰਨੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਕਾਰਨ ਬਿਗਾਨਗੀ ਵਾਲਾ ਮਹੌਲ ਬਣ ਚੁੱਕਾ ਹੈ।ਮੋਦੀ ਜੋ ਕਿ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਪੁੱਤਰਾਂ ਵਾਂਗ ਪਾਲ ਕੇ ਦੇਸ਼ ਦੀ ਸਮੁੱਚੀ ਜਨਤਾ ਨੂੰ ਦਾਅ ਤੇ ਲਾਈ ਬੈਠਾ ਹੈ, ਇਸ ਦਾ ਨਤੀਜਾ ਬਹੁਤ ਹੀ ਘਾਤਕ ਸਿੱਧ ਹੋਵੇਗਾ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਨੇ ਤਿੰਨੋਂ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਹੁਕਮ ਨਾਲ ਦੇਸ਼ ਵਿਆਪੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਤਿੰਨੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਰਨੈਲ ਸਿੰਘ ਜਟਾਣਾ, ਨਰਿੰਦਰ ਸਿੰਘ ਜਟਾਣਾ, ਬਿੱਕਰ ਸਿੰਘ ਕੋਟਲਾ ਸਮਸ਼ਪੁਰ, ਜੀਤ ਸਿੰਘ ਟੋਡਰਪੁਰ, ਕਰਮਜੀਤ ਸਿੰਘ, ਜਸਮੇਲ ਸਿੰਘ ਬੌਂਦਲੀ, ਸੁਹੇਲ ਸਿੰਘ, ਦਰਸ਼ਨ ਸਿੰਘ ਪੰਚ, ਰੂਪਾ ਮਾਣਕੀ, ਬਿੱਲੂ ਭੰਗਲਾਂ ਆਦਿ ਤੋਂ ਇਲਾਵਾ ਹੋਰ ਕਿਸਾਨ, ਮਜਦੂਰ ਅਤੇ ਔਰਤਾਂ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Punjab Post Daily Online Newspaper & Print Media