ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼ – ਜਸਦੇਵ ਸਿੰਘ
ਸਮਰਾਲਾ, 11 ਜੂਨ (ਇੰਦਰਜੀਤ ਸਿੰਘ ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ ਇਕਾਈ ਸਮਰਾਲਾ ਦੀ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਅਤੇ ਜਨਰਲ ਸਕੱਤਰ ਦੇਵੀ ਦਾਸ ਮਿਆਣੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਮਰਾਲਾ ਤਹਿਸੀਲ ਦੇ ਪਿੰਡਾਂ ਤੋਂ ਚੌਕੀਦਾਰਾਂ ਨੇ ਭਾਗ ਲਿਆ ਅਤੇ ਪੇਂਡੂ ਚੌਂਕੀਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ।
ਇਸ ਸਮੇਂ ਮਤਾ ਪਾਸ ਕੀਤਾ ਗਿਆ ਕਿ ਕੋਵਿਡ-19 ਕਿ ਜਿਨ੍ਹਾਂ ਚਿਰ ਪੇਂਡੂ ਚੌਂਕੀਦਾਰਾਂ ਨੂੰ 50 ਲੱਖ ਬੀਮਾ ਅਤੇ ਵਿਸ਼ੇਸ਼ ਭੱਤਾ ਨਹੀਂ ਦਿੱਤਾ ਜਾਂਦਾ ਅਤੇ ਪਿਛਲੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਪੰਜਾਬ ਸਰਕਾਰ ਨਹੀਂ ਮੰਨਦੀ, ਉਦੋਂ ਤੱਕ ਪੰਜਾਬ ਦੇ ਸਾਰੇ ਪਿੰਡਾਂ ਦੇ ਚੌਂਕੀਦਾਰ ਠੀਕਰੀ ਪਹਿਰਾ ਨਹੀਂ ਦੇਣਗੇ।ਜੇਕਰ ਕਿਸੇ ਪ੍ਰਸਾਸ਼ਨਿਕ ਅਧਿਕਾਰੀ, ਪੁਲਿਸ ਜਾਂ ਸਰਪੰਚ ਵੱਲੋਂ ਪੇਂਡੂ ਚੌਂਕੀਦਾਰਾਂ ਨੂੰ ਠੀਕਰੀ ਪਹਿਰਾ ਦੇਣ ਲਈ ਮਜਬੂਰ ਕੀਤਾ ਗਿਆ ਜਾਂ ਦਬਾਅ ਪਾਇਆ ਗਿਆ ਤਾਂ ਉਸ ਅਧਿਕਾਰੀ ਅਤੇ ਸਰਪੰਚ ਵਿਰੁੱਧ ਸਮੁੱਚੀ ਯੂਨੀਅਨ ਲਾਮਬੰਦ ਹੋ ਕੇ ਕਾਰਵਾਈ ਕਰੇਗੀ ਅਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਬਲਾਕ ਪ੍ਰਧਾਨ ਜਸਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਚੌਂਕੀਦਾਰਾਂ ਦੀਆਂ ਅਤਿ ਜਰੂਰੀ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਪੰਜਾਬ ਦੀ ਕੈਪਟਨ ਸਰਕਾਰ ਬਣਨ ਵੇਲੇ ਚੌਂਕੀਦਾਰਾਂ ਨਾਲ ਵਾਅਦੇ ਕੀਤੇ ਗਏ ਸਨ, ਪ੍ਰੰਤੂ ਮੁੜ ਚੋਣਾਂ ਸਿਰ ਤੇ ਆ ਚੁੱਕੀਆਂ ਹਨ ਪਰ ਅਜੇ ਤੱਕ ਵਾਅਦੇ ਪੂਰੇ ਨਹੀਂ ਕੀਤੇ ਗਏ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ ਕੁੱਝ ਸਮੇਂ ‘ਚ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਧਿਆਨ ਨਾ ਦਿੱਤਾ ਤਾਂ ਤਿੱਖਾ ਸੰਘਰਸ਼ ਵਿੱਢ ਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੇਵਾ ਸਿੰਘ ਬਲਾਕ ਮੀਤ ਪ੍ਰਧਾਨ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ, ਤਰਸੇਮ ਸਿੰਘ ਮੀਤ ਪ੍ਰਧਾਨ ਪੰਜਾਬ, ਸੁਰਿੰਦਰ ਸਿੰਘ ਪ੍ਰੈਸ ਸਕੱਤਰ ਪੰਜਾਬ, ਛਿੰਦਰਪਾਲ ਸਿੰਘ ਪ੍ਰਧਾਨ ਬਲਾਕ ਮਾਛੀਵਾੜਾ, ਹਰਭਜਨ ਸਿੰਘ ਡੋਗਰਵਾਲ ਮੀਤ ਪ੍ਰਧਾਨ, ਮਾਘੀ ਖਾਨ ਮੀਤ ਪ੍ਰਧਾਨ, ਜਗਦੀਸ਼ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਸਕੱਤਰ, ਰਮੇਸ਼ ਸਿੰਘ ਖਜਾਨਚੀ, ਨੱਥਾ ਸਿੰਘ ਮੀਤ ਪ੍ਰਧਾਨ, ਗਰੀਬ ਸਿੰਘ ਪਨੈਚਾ ਕੈਸ਼ੀਅਰ ਪੰਜਾਬ ਆਦਿ ਤੋਂ ਇਲਾਵਾ ਤਹਿਸੀਲ ਸਮਰਾਲਾ ਦੇ ਚੌਂਕੀਦਾਰ ਹਾਜ਼ਰ ਸਨ।
Punjab Post Daily Online Newspaper & Print Media