ਨਸ਼ਾ ਛੱਡ ਚੁੱਕੇ ਲੋੜਵੰਦਾਂ ਨੂੰ ਕੋਵਿਡ ਤੋਂ ਬਚਾਅ ਲਈ ਸਮੱਗਰੀ ਭੇਟ
ਕਪੂਰਥਲਾ, 13 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਨਸ਼ਾ ਛੱਡਣ ਵਾਲੇ ਲੋਕਾਂ ਦੇ ਮੁੜ ਵਸੇਬੇ ਲਈ ਜਿਲ੍ਹਾ
ਪ੍ਰਸ਼ਾਸ਼ਨ ਵਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ ਤਾਂ ਜੋ ਉਹ ਵੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਕੇ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਦੇ ਸਕਣ।
ਅੱਜ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਨਸ਼ਾ ਛੱਡਕੇ ਹੋਰਨਾਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ ਯਤਨ ਕਰਨ ਵਾਲੇ ਨੌਜਵਾਨਾਂ ਨੂੰ ਕੋਵਿਡ ਤੋਂ ਬਚਾਅ ਦੀ ਸਮੱਗਰੀ ਪ੍ਰਦਾਨ ਕਰਨ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਨੌਜਵਾਨ ਨਸ਼ਾ ਵਿਰੋਧੀ ਲਹਿਰ ਦੇ ਦੂਤ ਬਣਕੇ ਇਸ ਸਮਾਜਿਕ ਲਾਹਨਤ ਨੂੰ ਦੂਰ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਡਿਪਟੀ ਕਮਿਸ਼ਨਰ ਵਲੋਂ ਅਲਾਇੰਸ ਇੰਡੀਆ ਦੇ ਸਹਿਯੋਗ ਨਾਲ ਔਰਤਾਂ ਲਈ ਹੈਂਡ ਬੈਗ, ਸੈਨਟਰੀ ਨੈਪਕਿਨ, ਮਾਸਕ, ਗਲਵਜ਼, ਬੈਡੈਜ, ਸਵੈਬ, ਸਾਬਣ ਤੇ ਸੈਨੇਟਾਈਜ਼ਰ ਦਿੱਤੇ ਗਏ। ਇਸ ਤਰ੍ਹਾਂ ਦੇ ਕੱਲ 100 ਪੈਕਿਟ ਇਸ ਕਮਿਊਨਿਟੀ ਨੂੰ ਦਿੱਤੇ ਗਏ।
ਸਿਵਲ ਸਰਜਨ ਡਾ. ਪਰਮਿੰਦਰ ਕੌਰ, ਐਸ.ਐਮ.ਓ ਕਪੂਰਥਲਾ ਡਾ.ਸੰਦੀਪ ਧਵਨ ਨੇ ਸਿਹਤ ਵਿਭਾਗ ਵਲੋਂ ਲੋੜਵੰਦਾਂ ਦੀ ਖਾਸ ਮਦਦ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਇਸ ਕਮਿਊਨਿਟੀ ਨੂੰ ਸਿਵਲ ਹਸਪਤਾਲ ਵਿੱਚ ਕੋਰੋਨਾ ਦੀ ਟੈਸਟਿੰਗ, ਵੈਕਸੀਨੇਸਨ ਜਾਂ ਇਲਾਜ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।
ਡਾ. ਸੰਦੀਪ ਭੋਲਾ ਜੋ ਕਿ ਜਿਲ੍ਹਾ ਕਪੂਰਥਲਾ ਵਿਚ ਨਸ਼ਾ ਵਿਰੋਧੀ ਮੁਹਿੰਮ ਤੇ ਮੁੜ ਵਸੇਬਾ ਯਤਨਾਂ ਦੇ ਇੰਚਾਰਜ਼ ਹਨ, ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਲੋਂ ਨਸ਼ਾ ਵਿਰੋਧੀ ਲਹਿਰ ਵਿਚ ਵਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਹੈ।
ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਖੇਤੀਬਾੜੀ ਅਧਿਕਾਰੀ ਡਾ. ਐਚ.ਪੀ.ਐਸ ਭਰੋਤ, ਬਾਗਬਾਨੀ ਵਿਕਾਸ ਅਫਸਰ ਡਾ. ਮਨਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media