Monday, March 16, 2026

ਨਾਦ ਪ੍ਰਗਾਸੁ ਵੱਲੋਂ ਸੰਤ ਕਵੀ ਭਾਈ ਵੀਰ ਸਿੰਘ ਦੀ 64ਵੀਂ ਬਰਸੀ ਮੌਕੇ ਵਿਸ਼ੇਸ਼ ਇਕੱਤਰਤਾ

ਭਾਈ ਵੀਰ ਸਿੰਘ ਦੀਆਂ ਰਚਨਾਵਾਂ ‘ਚ ਪੰਜਾਬ ਦੀ ਸਾਂਝੀ ਸੱਭਿਅਤਾ ਦੇ ਨਕਸ਼ ਵਿਦਮਾਨ – ਵਿਦਵਾਨ
ਅੰਮ੍ਰਿਤਸਰ, 13 ਜੂਨ (ਖੁਰਮਣੀਆਂ) – ਖੋਜ ਸੰਸਥਾ ਨਾਦ ਪ੍ਰਗਾਸੁ ਵਿਖੇ ਅੱਜ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ. ਭਾਈ ਵੀਰ ਸਿੰਘ ਦੀ 64ਵੀਂ ਬਰਸੀ ਦੀ ਸੰਧਿਆ ਮੌਕੇ ਵਿਸ਼ੇਸ਼ ਇਕੱਤਰਤਾ ਦੋ ਸੈਸ਼ਨਾਂ ਵਿੱਚ ਹੋਈ।ਉਨ੍ਹਾਂ ਦੀਆਂ ਰਚਨਾਵਾਂ ਅਤੇ ਸ਼ਖਸ਼ੀਅਤ ਦੇ ਵੱਖ-ਵੱਖ ਪੱਖਾਂ ‘ਤੇ ਚਰਚਾ ਕੀਤੀ ਗਈ।ਪਹਿਲੇ ਸੈਸ਼ਨ ਵਿੱਚ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਗਾਇਨ ਅਤੇ ਉਚਾਰਨ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ, ਜਦਕਿ ਦੂਜੇ ਸੈਸ਼ਨ ਦੌਰਾਨ ਉਨ੍ਹਾਂ ਦੇ ਚਿੰਤਨ ਅਤੇ ਸ਼ਖਸ਼ੀਅਤ ਉਪਰ ਵਿਚਾਰ ਚਰਚਾ ਹੋਈ।
                           ਪਹਿਲੇ ਸੈਸ਼ਨ ਵਿੱਚ ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਐਮ.ਪੀ ਮਸੀਹ, ਰੇਸ਼ਮ ਸਿੰਘ, ਇੰਦਰਜੀਤ ਸਿੰਘ ਆਦਿ ਖੋਜਾਰਥੀਆਂ ਵੱਲੋਂ ਭਾਈ ਵੀਰ ਸਿੰਘ ਦੀ ਰਚਨਾਤਮਕ ਪ੍ਰਤਿੱਭਾ ਨੂੰ ਦਰਸਾਉਂਦੀਆਂ ਵੱਖ-ਵੱਖ ਕਵਿਤਾਵਾਂ ਦਾ ਗਾਇਨ ਅਤੇ ਉਚਾਰਨ ਕੀਤਾ ਗਿਆ ਜਿਨ੍ਹਾਂ ਵਿਚ ‘ਕਾਵਿ-ਰੰਗ ਸੁੰਦਰਤਾ’, ‘ਇੱਛਾਬਲ ਤੇ ਡੂੰਘੀਆਂ ਸ਼ਾਮਾਂ’,’ਚੜ੍ਹ ਚੱਕ ਤੇ ਚੱਕ ਘੁਮਾਨੀਆਂ’,’ਲੱਲੀ’,’ਭੁੱਲ ਚੁੱਕੀ ਸਭਿਅਤਾ’ ਆਦਿ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ।
                      ਇਕੱਤਰਤਾ ਦੇ ਦੂਜੇ ਸੈਸ਼ਨ ਵਿਚ ਭਾਈ ਵੀਰ ਸਿੰਘ ਦੇ ਸਾਹਿਤਿਕ, ਸਮਾਜਿਕ ਅਤੇ ਅਧਿਆਤਮਿਕ ਯੋਗਦਾਨ ਨੂੰ ਵਿਚਾਰਿਆ ਗਿਆ।ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਸਖਸ਼ੀਅਤ ਪਰੰਪਰਾਗਤ ਅਤੇ ਆਧੁਨਿਕ ਗਿਆਨ ਦੇ ਸੰਗਮ ਨੂੰ ਸਾਕਾਰ ਕਰਦੀ ਹੈ।ਉਹਨਾਂ ਦੀਆਂ ਰਚਨਾਵਾਂ ਅੰਦਰ ਪੰਜਾਬ ਦੀ ਇੱਕ ਸਾਂਝੀ ਸੱਭਿਅਤਾ ਦੇ ਨਕਸ਼ ਵਿਦਮਾਨ ਹਨ, ਜਿਹਨਾਂ ਨੂੰ ਅਕਾਦਮਿਕ ਖੇਤਰ ਵਿੱਚ ਗਿਆਨਾਤਮਕ ਅਰਥ ਦਿੱਤੇ ਜਾਣ ਦੀ ਲੋੜ ਹੈ।ਦਿੱਲੀ ਯੂਨੀਵਰਸਿਟੀ ਦੇ ਖੋਜ਼ਾਰਥੀ ਸੰਦੀਪ ਸ਼ਰਮਾ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਸਖਸ਼ੀਅਤ ਆਧੁਨਿਕਤਾ ਅਤੇ ਬਸਤੀਵਾਦ ਦੀਆਂ ਪ੍ਰਸਥਿਤੀਆਂ ਤੋਂ ਉਜਾਗਰ ਹੋਏ ਸਮਾਜਿਕ/ਸਭਿਆਚਾਰਕ/ਰਾਜਨੀਤਿਕ ਤਣਾਵਾਂ ਨੂੰ ਆਪਣੇ ਨਾਵਲਾਂ ਦੇ ਜ਼ਰੀਏ ਸੰਵਾਦੀ ਪੱਧਰ ‘ਤੇ ਅਤੇ ਕਵੀ ਦੇ ਤੌਰ ’ਤੇ ਉਹ ਕਾਇਨਾਤ ਵਿਚਲੇ ਸੰਗੀਤ ਨੂੰ ਆਪਣੀ ਕਵਿਤਾ ਵਿੱਚ ਸਾਕਾਰ ਕਰਦੇ ਹਨ।ਦਿੱਲੀ ਯੂਨੀਵਰਸਿਟੀ ਤੋਂ ਹੀ ਖੋਜਾਰਥੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੇ ਨਾਵਲ ਖੇਤੀ ਅਤੇ ਸਨਅਤੀ ਆਦਰਸ਼ਾਂ ਨੂੰ ਆਪਣੇ ਅੰਦਰ ਯੋਗ ਸਥਾਨ ਦਿੰਦੇ ਹੋਏ ਇੱਕ ਹੋਰ ਤੀਜ਼ੇ ਮਾਡਲ ਦੀ ਆਧਾਰ-ਸ਼ਿਲਾ ਤਿਆਰ ਕਰਦੇ ਹਨ।
ਨਾਦ ਪ੍ਰਗਾਸੁ ਸੰਸਥਾ ਤੋਂ ਪੋ੍ਰ. ਜਗਦੀਸ਼ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਰਚਨਾਤਮਕ ਪ੍ਰਤਿਭਾ ਅਸਲ ਵਿੱਚ ਉਹਨਾਂ ਦੀ ਅਧਿਆਤਮਕ ਸਮਰੱਥਾ ਦਾ ਹੀ ਇੱਕ ਪਸਾਰ ਹੈ।ਉਹਨਾਂ ਨੇ ਆਪਣੀ ਰੂਹਾਨੀ ਊਰਜਾ ਨੂੰ ਸਾਹਿਤ ਅਤੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕੇਂਦਰਿਤ ਕੀਤਾ ਹੈ।ਭਾਈ ਵੀਰ ਸਿੰਘ ਦਾ ਅਸਲ ਬਿੰਬ ਸੰਤ ਸਖਸ਼ੀਅਤ ਵਾਲਾ ਹੈ।ਪੰਜਾਬੀ ਆਲੋਚਨਾ ਦੁਆਰਾ ਉਹਨਾਂ ਨੂੰ ਬਸਤੀਵਾਦੀ ਪਰਿਪੇਖ ਤੋਂ ਦੇਖਣਾ ਅਤੇ ਸਿੱਖ ਸਮਾਜ ਵਲੋਂ ਸਿੰਘ ਸਭਾਈ ਲੇਖਕ ਸਮਝਣਾ ਸਾਡੀ ਇਕਹਿਰੀ ਪਹੁੰਚ ਦੇ ਸੂਚਕ ਹਨ।
                       ਇਸ ਮੌਕੇ ਡਾ. ਜਸਵੰਤ ਸਿੰਘ ਅਤੇ ਕੋਮਲਪ੍ਰੀਤ ਸਿੰਘ ਵੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …