ਇਨਸਾਫ ਨਾ ਮਿਲਣ ‘ਤੇ 13 ਜੁਲਾਈ ਨੂੰ ਮੁੜ ਬੰਦ ਮੇਨ ਕੀਤਾ ਜਾਵੇਗਾ ਮੇਨ ਚੌਕ – ਘਰਖਣਾ, ਕੰਗ
ਸਮਰਾਲਾ, 28 ਜੂਨ (ਇੰਦਰਜੀਤ ਸਿੰਘ ਕੰਗ) – ਇਥੋਂ ਨਜਦੀਕੀ ਪਿੰਡ ਭਰਥਲਾ ਵਿਖੇ ਰਾਮਦਾਸੀਆ ਪਰਿਵਾਰ ਨਾਲ ਕੁੱਟਮਾਰ ਕਰਨ ਅਤੇ ਜਾਤੀ ਸਬੰਧੀ ਬੋਲੇ
ਅਪਸ਼ਬਦਾਂ ਕਾਰਨ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਕਰੀਬ ਤਿੰਨ ਘੰਟੇ ਪੂਰੀ ਤਰ੍ਹਾਂ ਜਾਮ ਰੱਖਿਆ ਗਿਆ।ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਬਹੁਜਨ ਸਮਾਜ ਪਾਰਟੀ ਦੇ ਸੱਦੇ ‘ਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਸਮਰਾਲਾ ਇਲਾਕੇ ਦੀਆਂ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਅਤੇ ਲੋਕ ਹਤੈਸ਼ੀ ਪਾਰਟੀਆਂ ਦੇ ਆਗੂਆਂ ਨੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਸਵੇਰੇ 9 ਵਜੇ ਤੋਂ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਸ਼ੁਰੂ ਕੀਤਾ ਗਿਆ।ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਸਮਰਾਲਾ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਬੁਰੀ ਤਰ੍ਹਾਂ ਕੋਸਿਆ।
ਉਨਾਂ ਕਿਹਾ ਕਿ ਨਜ਼ਦੀਕੀ ਪਿੰਡ ਭਰਥਲਾ ਵਿਖੇ ਗਰੀਬ ਪਰਿਵਾਰ ਪ੍ਰਤੀ ਵਰਤੇ ਜਾਤੀ ਸੂਚਕ ਅੱਪਸ਼ਬਦ ਅਤੇ ਕੁੱਟਮਾਰ ਕਰਨ ਕਾਰਨ ਸਮਰਾਲਾ ਥਾਣਾ ਵਿਖੇ ਰਿਪੋਰਟ ਦਰਜ਼ ਕਰਵਾਈ ਸੀ, ਜਿਸ ਵਿੱਚ ਸਮਰਾਲਾ ਪੁਲਿਸ ਵਲੋਂ ਕੇਸ ਨੰਬਰ 0088 ਮਿਤੀ 03 ਮਈ 2021 ਦਰਜ਼ ਕੀਤਾ ਸੀ।ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਉਪਰੰਤ ਸਮਰਾਲਾ ਪੁਲਿਸ ਨੇ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ।ਪੀੜਤ ਪਰਿਵਾਰ ਪਿਛਲੇ 7 ਮਹੀਨਿਆਂ ਤੋਂ ਇਨਸਾਫ ਲਈ ਦਰ ਦਰ ਭਟਕ ਰਿਹਾ ਹੈ।ਦੋਸ਼ੀ ਖੁੱਲੇਆਮ ਘੁੰਮ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ ਕਿ ਉਨਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ।
ਤਿੱਖੀ ਗਰਮੀ ਵਿੱਚ ਤਿੰਨ ਘੰਟੇ ਸਮਰਾਲਾ ਚੌਂਕ ਜਾਮ ਕੀਤੇ ਜਾਣ ਦੇ ਬਾਵਜ਼ੂਦ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਧਰਨਾਕਾਰੀਆਂ ਦੀ ਖਬਰ ਲੈਣ ਲਈ ਨਹੀਂ ਪੁੱਜਾ, ਜਿਸ ਤੋਂ ਗੁੱਸੇ ਵਿੱਚ ਆਏ ਧਰਨਾਕਾਰੀਆਂ ‘ਚ ਸ਼ਾਮਲ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸਕੱਤਰ ਲਖਵੀਰ ਸਿੰਘ ਘਰਖਣਾ ਅਤੇ ਹਰਦੀਪ ਸਿੰਘ ਕੰਗ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੁਲਿਸ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਉਹ ਸਮਰਾਲਾ ਪੁਲਿਸ ਵਲੋਂ ਸਿਆਸੀ ਸ਼ਹਿ ‘ਤੇ ਪਾਏ ਜਾਣ ਵਾਲੇ ਝੂਠੇ ਪਰਚਿਆਂ ਤੋਂ ਡਰਨ ਵਾਲੇ ਨਹੀਂ।ਉਹ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਕੇ ਹੀ ਦਮ ਲੈਣਗੇ ਅਤੇ 13 ਜੁਲਾਈ ਨੂੰ ਉਹ ਇੱਕ ਵੱਡੇ ਇਕੱਠ ਦੇ ਰੂਪ ਵਿੱਚ ਸਮਰਾਲਾ ਚੌਂਕ ਨੂੰ ਉਹ ਬਿਲਕੁੱਲ ਬੰਦ ਕਰ ਦੇਣਗੇ ਅਤੇ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਅਤੇ ਦੋਸ਼ੀ ਸਲਾਖਾਂ ਪਿੱਛੇ ਨਹੀਂ ਜਾਂਦੇ, ਉਦੋਂ ਤੱਕ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਬੈਠ ਜਾਣਗੇ।ਅੱਜ ਦੇ ਧਰਨੇ ਵਿੱਚ ਪਿੰਡ ਭਰਥਲੇ ਤੋਂ ਸੈਕੜਿਆਂ ਦੀ ਗਿਣਤੀ ਵਿੱਚ ਔਰਤਾਂ ਤੇ ਪੁਰਸ਼ ਸ਼ਾਮਲ ਹੋਏ।
ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਕਾਲੀ ਪਾਇਲ, ਅਮਰਜੀਤ ਸਿੰਘ ਬਾਲਿਓਂ, ਨੀਰਜ਼ ਸਿਹਾਲਾ, ਇੰਦਰੇਸ਼ ਜੈਦਿਕਾ, ਅੰਗਰੇਜ ਸਿੰਘ, ਸਤਨਾਮ ਸਿੰਘ ਘਰਖਣਾ, ਵਰਿੰਦਰ ਸਿੰਘ ਘਰਖਣਾ, ਲਵਪ੍ਰੀਤ ਸਿੰਘ ਘਰਖਣਾ, ਘੁੱਦੂ ਘਰਖਣਾ, ਸੋਨੀ ਘਰਖਣਾ ਆਦਿ ਸ਼ਾਮਲ ਸਨ।
Punjab Post Daily Online Newspaper & Print Media