Saturday, March 14, 2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵਿਰੁੱਧ ਭਾਜਪਾ ਆਗੂ ਮਿੱਤਲ ਦਾ ਬਿਆਨ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ- ਭੂਰਾ ਕੋਹਨਾ

ਸ੍ਰੀ ਅਨੰਦਪੁਰ ਸਾਹਿਬ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਦਿੱਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਚਿਤਾਵਨੀ ਦਿੱਤੀ ਹੈ ਕਿ ਸਿੱਖ ਆਪਣੇ ਸਰਬਉਚ ਅਸਥਾਨ ਦੇ ਜਥੇਦਾਰ ਵਿਰੁੱਧ ਕੋਈ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ।
                  ਭੂਰਾ ਕੋਹਨਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਵਲੋਂ ਸਾਰੇ ਭਾਰਤ ਵਾਸੀਆਂ ਨੂੰ ਹਿੰਦੂ ਕਰਾਰ ਦੇ ਕੇ ਵੱਖ-ਵੱਖ ਧਰਮਾਂ ਤੇ ਨਸਲਾਂ ਦੇ ਲੋਕਾਂ ਦੀ ਹੋਂਦ ‘ਤੇ ਹਮਲਾ ਕਰਨ ਦੀਆਂ ਅਨੇਕਾਂ ਵਾਰ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਆਪਣੀ ਹੋਂਦ ‘ਤੇ ਹਮਲਾ ਬਰਦਾਸ਼ਤ ਨਹੀਂ ਕਰ ਸਕਦੀ।ਭਾਰਤ ਦੀ ਆਜ਼ਾਦੀ ਵਿੱਚ ਵੱਖ-ਵੱਖ ਧਰਮਾਂ ਤੇ ਸੱਭਿਆਚਾਰ ਦੇ ਹੋਰਨਾਂ ਲੋਕਾਂ ਵਿਚੋਂ ਸਭ ਤੋਂ ਵੱਧ ਯੋਗਦਾਨ ਸਿੱਖ ਕੌਮ ਦਾ ਰਿਹਾ।ਉਨ੍ਹਾਂ ਕਿਹਾ ਕਿ ਭਾਰਤ ਦੀ ਅਖੰਡਤਾ ਵੱਖ-ਵੱਖ ਸੱਭਿਆਚਾਰਾਂ, ਖਿੱਤਿਆਂ ਅਤੇ ਧਰਮਾਂ ਦੀ ਵੰਨ-ਸੁਵੰਨਤਾ ਵਾਲੇ ਦੇਸ਼ ਨਾਲ ਹੈ।ਜਦੋਂਕਿ ਆਰ.ਐਸ.ਐਸ ਸਾਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ‘ਤੇ ਉਤਾਰੂ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਨੀਤਕ ਪ੍ਰਭੂਸੱਤਾ ਦਾ ਕੇਂਦਰ ਹੈ, ਜਿਸ ਕਰਕੇ ਘੱਟ-ਗਿਣਤੀਆਂ ਦੀ ਹੋਂਦ ਨੂੰ ਖ਼ਤਰਾ ਹੋਣ ‘ਤੇ ਇਥੋਂ ਆਵਾਜ਼ ਉਠਣੀ ਲਾਜ਼ਮੀ ਹੈ।
                     ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਮਦਨ ਮੋਹਨ ਮਿੱਤਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵਿਰੁੱਧ ਨਫਰਤ ਭਰਿਆ ਤੇ ਘਟੀਆ ਮਾਨਸਿਕਤਾ ਨੂੰ ਪ੍ਰਗਟਾਉਂਦਾ ਬਿਆਨ ਦੇਣ ਦੀ ਬਜ਼ਾਇ ਆਰ.ਐਸ.ਐਸ ਨੂੰ ਮੱਤ ਦੇਣੀ ਚਾਹੀਦੀ ਸੀ ਕਿ ਉਹ ਭਾਰਤ ਦੀ ਅਖੰਡਤਾ ਨੂੰ ਸੱਟ ਮਾਰਨ ਤੋਂ ਗੁਰੇਜ਼ ਕਰੇ।ਉਨ੍ਹਾਂ ਕਿਹਾ ਕਿ ਮਦਨ ਮੋਹਨ ਮਿੱਤਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਦੇਸ਼ ਵਿੱਚ ਸਹੀ ਤਰੀਕੇ ਰਾਜ ਧਰਮ ਨਿਭਾਉਣ ਅਤੇ ਪਰਜ਼ਾ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਦੀ ਸਲਾਹ ਦਿੰਦਾ ਤਾਂ ਜਰੂਰ ਸ਼ੋਭਾ ਦਿੰਦਾ।ਪਰ ਉਸ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਿਰੁੱਧ ਦਿੱਤਾ ਗਿਆ ਬਿਆਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਝੀ ਹਰਕਤ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਨੇ 1984 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਾਹੀ ਸੀ, ਜਿਸ ਨੂੰ ਸਿੱਖਾਂ ਨੇ ਮੁੜ ਉਸਾਰ ਲਿਆ, ਪਰ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕੀਤਾ।ਹੁਣ ਭਾਜਪਾ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ‘ਤੇ ਹਮਲਾ ਕਰਨ ਦੀ ਹਿਮਾਕਤ ਕਰ ਰਿਹਾ ਹੈ, ਜਿਸ ਨੂੰ ਵੀ ਸਿੱਖ ਕਦੇ ਮਾਫ਼ ਨਹੀਂ ਕਰਨਗੇ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …