ਇੰਡੀਅਨ ਸਕੂਲ ਆਫ ਬਿਜ਼ਨੈਸ ਮੁਹਾਲੀ ਦੇ ਸਹਿਯੋਗ ਨਾਲ ਐਡਵਾਂਸ ਟ੍ਰੇਨਿੰਗ ਸਰਟੀਫਿਕੇਟ ਕੋਰਸ ਸ਼ੁਰੂ
ਕਪੂਰਥਲਾ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮਾਸਟਰ ਕੇਡਰ ਦੇ ਨਵ-ਨਿਯੁੱਕਤ ਅਧਿਆਪਕਾਂ ਨੂੰ ਨਿਯੁੱਕਤੀ ਪੱਤਰ ਦੇਣ ਅਤੇ
ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਐਡਵਾਂਸ ਟਰੇਨਿੰਗ ਬਾਰੇ ਕੋਰਸ ਦੀ ਸ਼ੁਰੂਆਤ ਕਪੂਰਥਲਾ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕਰਵਾਈ ਗਈ।
ਉਨਾਂ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਅਤੇ ਹੋਰ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਵਲੋ ਇਸ ਸਬੰਧੀ ਕਰਵਾਏ ਗਏ ਆਨਲਾਈਨ ਪ੍ਰੋਗਰਾਮ ਵਿਚ ਹਿੱਸਾ ਲਿਆ।ਕਪੂਰਥਲਾ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਨਿਯੁੱਕਤੀ ਪੱਤਰ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਅਧਿਆਪਕਾਂ ਵਲੋ ਕੀਤੀ ਮਿਹਨਤ ਨਾਲ ਹੀ ਸੂਬੇ ਵਿਚ ਸਿੱਖਿਆ ਦੇ ਪੱਧਰ ਵਿਚ ਸੁਧਾਰ ਹੋਇਆ ਹੈ।
ਉਨਾਂ ਨਵੇਂ ਚੁਣੇ ਗਏ ਅਧਿਆਪਕਾਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਦੇ ਨਾਲ ਨਰੋਏ ਸਮਾਜ ਦੀ ਸਿਰਜਨਾ ਕਰਨ ਲਈ ਡਟ ਕੇ ਕੰਮ ਕਰਨ।ਉਨਾਂ ਕਪੂਰਥਲਾ ਜ਼ਿਲ੍ਹੇ ਵਿਚ ਅਧਿਆਪਕਾਂ ਨੂੰ ਨਵੀਨਤਮ ਤਕਨੀਕਾਂ ਦੀ ਪੜਾਈ ਵਿਚ ਵਰਤੋਂ, ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਵਧਾਉਣ ਅਤੇ ਉਨਾਂ ਨੂੰ ਤਕਨੀਕੀ ਤੌਰ ਤੇ ਸਮਰੱਥ ਬਣਾਉਣ ਲਈ ਇੰਡੀਅਨ ਸਕੂਲ ਆਫ ਬਿਜ਼ਨੈਸ ਮੁਹਾਲੀ ਦੇ ਸਹਿਯੋਗ ਨਾਲ ਅਡਵਾਂਸ ਟ੍ਰੇਨਿੰਗ ਵਿੱਚ ਸਰਟੀਫਿਕੇਟ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ।
ਨਿਯੁੱਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ ਦਵਿੰਦਰ ਪਾਲ ਸਿੰਘ, ਦਰਸ਼ਨ ਲਾਲ, ਪੂਜਾ, ਪਰਮਵੀਰ ਕੌਰ ਅਤੇ ਸੰਦੀਪ ਕੁਮਾਰੀ ਸ਼ਾਮਲ ਸਨ।ਨਵੇਂ ਚੁਣੇ ਗਏ ਅਧਿਆਪਕਾਂ ਨੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਤੇ ਸਿਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media