ਦੋਸੀ ਕੋਲੋਂ ਦੇਸੀ ਬੰਬ, ਬੰਬ ਬਨਾਉਣ ਦਾ ਸਮਾਨ ਅਤੇ 32 ਬੋਰ ਦਾ ਰਿਵਾਲਵਰ ਬਰਾਮਦ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਤੋਂ ਲਈ ਸੀ ਟਰੇਨਿੰਗ

ਬਠਿੰਡਾ 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਠਿੰਡਾ ਪੁਲੀਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਤੋਂ ਟਰੇਨਿੰਗ ਪ੍ਰਾਪਤ ਬੱਬਰ ਖਾਲਸਾ ਦੇ ਰਮਨਦੀਪ ਸਿੰਘ ਉਰਫ਼ ਸਨੀ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।ਉਕਤ ਦਸ਼ੀ ਕੋਲੋਂ ਦੇਸੀ ਬੰਬ, ਬੰਬ ਬਨਾਉਣ ਦਾ ਸਾਰਾ ਸਮਾਨ ਅਤੇ ਇੱਕ 32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਹੈ।ਬਠਿੰਡਾ ਜੋਨ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਡੀ ਆਈ ਜੀ ਅਮਰ ਸਿੰਘ ਚਾਹਲ, ਜਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਮਨਦੀਪ ਸਿੰਘ ਉਰਫ਼ ਸਨੀ ਪੁੱਤਰ ਰਵਿੰਦਰ ਸਿੰਘ ਜੋ ਮੁਹੱਲਾ ਤੇਲੀਆਂ ਵਾਲਾ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਫੌਜੀ ਚੌਂਕ ਨੇੜੇ ਮੋਟਰ ਸਪੇਅਰ ਪਾਰਟਸ ਦੀ ਦੁਕਾਨ ਤੇ ਕੰਮ ਕਰਦਾ ਹੈ, ਫੇਸ ਬੁੱਕ ਰਾਹੀਂ ਅੱਤਵਾਦੀ ਜਥੇਬੰਦੀਆਂ ਦੇ ਸੰਪਰਕ ਵਿਚ ਆ ਗਿਆ।
ਇਸ ਦੇ ਸਬੰਧ ਜਗਤਾਰ ਸਿੰਘ ਤਾਰਾ ਜੋ ਕਿ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਹੈ ਦੇ ਨਾਲ ਵੀ ਬਣ ਗਏ ਸਨ।ਜਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸz. ਬੇਅੰਤ ਸਿੰਘ ਦੇ ਕਤਲ ਵਿਚ ਲੋੜੀਂਦਾ ਹੈ।ਇਹ ਕੁੱਝ ਮਹੀਨੇ ਪਹਿਲਾਂ ਹੀ ਬੈਕਾਂਕ ਅਤੇ ਮਲੇਸ਼ੀਆ ਹੋ ਕੇ ਆਇਆ ਜਿਥੇ ਇਸਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ ਦੇ ਇੱਕ ਏਜੰਟ ਤੋਂ ਦੇਸੀ ਬੰਬ ਬਨਾਉਣ ਦੀ ਅਤੇ ਅੱਤਵਾਦੀ ਗਤੀਵਿਧੀਆਂ ਕਰਨ ਦੀ ਟਰੇਨਿੰਗ ਹਾਸਿਲ ਕੀਤੀ ਸੀ, ਜਿਸ ਦਾ ਪ੍ਰਬੰਧ ਜਗਤਾਰ ਸਿੰਘ ਉਰਫ਼ ਤਾਰਾ ਦੇ ਯੂਰਪ ਵਿਚ ਰਹਿੰਦੇ ਇੱਕ ਦੋਸਤ ਨੇ ਕੀਤਾ ਸੀ। ਪੰਜਾਬ ਆ ਕੇ ਇਸਨੇ ਦੇਸੀ ਬੰਬ ਵੀ ਤਿਆਰ ਕਰ ਲਿਆ ਸੀ ਅਤੇ ਇਸ ਨੇ ਇਹ ਬੰਬ ਕਿਸੇ ਸੁੰਨਸਾਨ ਜਗ੍ਹਾ ਤੇ ਫਿੱਟ ਕਰਕੇ ਚਲਾ ਕੇ ਦੇਖਣਾ ਸੀ।ਪੁਲੀਸ ਨੇ ਦੇਸੀ ਬੰਬ ਤੋਂ ਇਲਾਵਾ ਬੰਬ ਬਨਾਉਣ ਲਈ 200 ਗਰਾਮ ਬਰੂਦ, ਇੱਕ ਛੋਟਾ ਅਲਾਰਮ, ਇੱਕ ਛੋਟੀ ਬੈਂਟਰੀ, ਕਰੰਟ ਦੇਣ ਵਾਲੀ ਤਾਰ, ਦੋ ਨਿੱਪਲ ਪਾਇਪ ਲੋਹਾ, ਇੱਕ ਦੇਸੀ ਰਿਵਾਲਵਰ 32 ਬੋਰ ਅਤੇ ਉਸ ਦੇ ਦੋ ਰੌਂਦ, ਪੰਜ ਲੈਟਰ ਪੈਡ ਬੱਬਰ ਖਾਲਸਾ ਦੇ ਬ੍ਰਾਮਦ ਕੀਤੇ ਹਨ।ਰਮਨਦੀਪ ਸਿੰਘ ਉਰਫ਼ ਸਨੀ ਨੇ ਬੰਬ ਤਿਆਰ ਕਰਕੇ ਕਿਹੜੇ ਕਿਹੜੇ ਮਨਸੂਬਿਆਂ ਨੂੰ ਅੰਜਾਮ ਦੇਣਾ ਸੀ ਇਸ ਕੰਮ ਲਾਲ ਹੋਰ ਕੌਣ ਕੌਣ ਜੁੜਿਆ ਹੈ, ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਇਸ ਦੋਸ਼ੀ ਵਿਰੁੱਧ ਕੇਸ ਦਰਜ਼ ਕਰਕੇ ਅੱਗੇ ਜਾਂਚ ਉੱਪ ਕਪਤਾਨ ਪੁਲੀਸ ਗੁਰਦਰਸ਼ਨ ਸਿੰਘ ਨੂੰ ਸੌਪੀਂ ਗਈ ਹੈ।
ਰਮਨਦੀਪ ਸਿੰਘ ਬਾਰੇ ਉਸ ਦੇ ਨੇੜਲਿਆਂ ਨੇ ਆਪਣਾ ਪੱਖ ਰੱਖਦਿਆਂ ਪੁਲੀਸ ਕਾਰਵਾਈ ਨੂੰ ਸ਼ੱਕੀ ਦੱਸਿਆ
ਰਮਨਦੀਪ ਸਿੰਘ ਸਨੀ ਬਾਰੇ ਮੋਟਰ ਪਾਰਟਸ ਦਾ ਕੰਮ ਕਰਨ ਵਾਲੇ ਰਜਿੰਦਰ ਸਿੰਘ ਨੇ ਕਿਹਾ ਕਿ ਸਨੀ ਉਸ ਦੇ ਕੋਲ ਕੰਮ ਕਰਦਾ ਸੀ ਅਤੇ ਉਸ ਨੂੰ ਉਸ ਦੀ ਦੁਕਾਨ ਤੋਂ ਕਰੀਬ ਦੋ ਵਜੇ ਦੁਪਿਹਰ ਗ੍ਰਿਫਤਾਰ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਸਨੀ 10 ਜਮਾਤਾਂ ਪੜਿਆ ਹੈ ਅਤੇ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਦਾ ਪਾਲਣ ਪੋਸਣ ਦਾਦੀ ਨੇ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਸਨੀ ਦਾ ਅਜਿਹੀਆਂ ਕਾਰਵਾਈਆਂ ਨਾਲ ਕੋਈ ਸਬੰਧ ਨਹੀ ਹੈ ਅਤੇ ਊਸ ਨੂੰ ਗਲਤ ਫਸਾਇਆ ਜਾ ਰਿਹਾ ਹੈ।ਇਸ ਦੀ ਹਾਮੀ ਉਸ ਦੀ ਦਾਦੀ ਰਜਿੰਦਰ ਕੌਰ ਅਤੇ ਉਸਦੇ ਮਹੁੱਲਾ ਵਾਸੀਆਂ ਗਗਨਦੀਪ ਸਿੰਘ ਵਗੈਰਾ ਨੇ ਵੀ ਭਰੀ।
Punjab Post Daily Online Newspaper & Print Media