Sunday, July 5, 2026

ਗੁਰੂ ਨਾਨਕ ਸਟੇਡੀਅਮ ‘ਚ ਸਪਰਿੰਕਲਿੰਗ ਸਿਸਟਮ ਤੇ ਨਵੀਨੀਕਰਨ ਵਾਲੇ ਇੰਡੋਰ ਜ਼ਿੰਮ ਦੀ ਸ਼ੁਰੂਆਤ

ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਉਦਘਾਟਨ -27.52 ਲੱਖ ਰੁਪੈ ਦੀ ਆਈ ਲਾਗਤ

ਕਪੂਰਥਲਾ, 15 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀ ਨੀਤੀ ਤਹਿਤ ਕਪੂਰਥਲਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਨਵੇਂ ਸਪਰਿੰਕਲਿੰਗ ਸਿਸਟਮ ਤੇ ਨਵੀਨਤਮ ਇੰਡੋਰ ਜ਼ਿੰਮ ਖਿਡਾਰੀਆਂ ਨੂੰ ਅਰਪਿਤ ਕਰ ਦਿੱਤਾ ਗਿਆ।
                       ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਅੱਜ 27.52 ਲੱਖ ਦੀ ਲਾਗਤ ਵਾਲੇ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।ਇਸ ਤਹਿਤ ਹਾਕੀ ਤੇ ਫੁੱਟਬਾਲ ਦੀ ਗਰਾਊਂਡ ਲਈ ਨਵੇਂ ਸਪਰਿੰਕਲਿੰਗ ਸਿਸਟਮ ਦੀ ਸਥਾਪਨਾ, ਇੰਡੋਰ ਸਟੇਡੀਅਮ ਵਿਖੇ ਬਿਜਲੀ, ਬਾਥਰੂਮ, ਜਿੰਮ ਦੇ ਸਮਾਨ ਆਦਿ ਦਾ ਨਵੀਨੀਕਰਨ ਤੇ ਸਟੇਡੀਅਮ ਵਿਖੇ ਸੈਰ ਕਰਨ ਆਉਣ ਵਾਲੇ ਲੋਕਾਂ ਅਤੇ ਖਿਡਾਰੀਆਂ ਲਈ ਜਨ ਸਹੂਲਤਾਂ ਮੁੱਖ ਰੂਪ ਵਿਚ ਸ਼ਾਮਲ ਹੈ।
                  ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਸਕੂਲ ਤੇ ਕਾਲਜ ਪੱਧਰ ਤੋਂ ਇਲਾਵਾ ਪਿੰਡ ਪੱਧਰ ’ਤੇ ਉਭਰਦੇ ਖਿਡਾਰੀਆਂ ਨੂੰ ਬੁਨਿਆਦੀ ਖੇਡ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ।ਇਸ ਤਹਿਤ ‘ਸਮਾਰਟ ਵਿਲੇਜ਼’ ਮੁਹਿੰਮ ਤਹਿਤ ਵੀ ਹਰੇਕ ਬਲਾਕ ਅੰਦਰ 5-5 ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ।
                   ਉਨ੍ਹਾਂ ਇਹ ਵੀ ਦੱਸਿਆ ਕਿ ਕੱਲ੍ਹ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ ਖੇਡ ਕਲੱਬਾਂ ਨੂੰ ਜਿੰਮ ਤੇ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਕਪੂਰਥਲਾ ਜਿਲ੍ਹੇ ਵਿੱਚ ਵੀ ਜਲਦ ਦੀ ਖਿਡਾਰੀਆਂ ਨੂੰ ਖੇਡ ਕਿੱਟਾਂ ਦਿੱਤੀਆਂ ਜਾਣਗੀਆਂ।
                 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਵਿਸ਼ਾਲ ਸੋਨੀ, ਅਮਰਜੀਤ ਸਿੰਘ ਸੈਦੋਵਾਲ, ਕੌਂਸਲਰ ਵਿਕਾਸ ਸ਼ਰਮਾ ਤੇ ਨਰਿੰਦਰ ਮਨਸੂ, ਐਕਸੀਅਨ ਪੰਚਾਇਤੀ ਰਾਜ ਸੰਦੀਪ ਸ੍ਰੀਧਰ, ਜਿਲ੍ਹਾ ਖੇਡ ਅਫਸਰ ਪ੍ਰਦੀਪ ਕੁਮਾਰ, ਸੰਦੀਪ ਸਿੰਘ, ਕੋਚ ਗੁਰਪ੍ਰੀਤ ਸਿੰਘ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …