Friday, April 17, 2026

ਮੁੱਖ ਮੰਤਰੀ ਵਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਪ੍ਰੋਗਰਾਮਾਂ ਸਣੇ ਪੇਂਡੂ ਲਿੰਕ ਸੜਕਾਂ ਲਈ 1200 ਕਰੋੜ ਦਾ ਐਲਾਨ

ਸਰਕਾਰ ਸੂਖਮ, ਲਘੂ ਤੇ ਦਰਮਿਆਨੇ ਕਾਰੋਬਾਰ ਦੀ ਸਹੂਲਤ ਲਈ ਜਲਦ ਹੀ 1150 ਸੁਧਾਰ ਲਾਗੂ ਕਰੇਗੀ

ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ) – ਦੇਸ਼ ਦੇ 75ਵੇਂ ਇਤਿਹਾਸਕ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮਾਂ ਸਮੇਤ ਲਿੰਕ ਸੜਕਾਂ, ਫਿਰਨੀਆਂ ਅਤੇ ਹੋਰ ਸੜਕਾਂ ਦੇ ਵਿਕਾਸ ਲਈ 1200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।
                    ਮੁੱਖ ਮੰਤਰੀ ਨੇ ਅੱਗੇ ਐਲਾਨ ਕੀਤਾ ਕਿ ਛੇਤੀ ਹੀ ਇੱਕ ਐਕਟ ਨੋਟੀਫਾਈ ਕੀਤਾ ਜਾਵੇਗਾ।ਜਿਸ ਤਹਿਤ ਸੂਬੇ ਦੀ ਅਨੁਸੂਚਿਤ ਜਾਤੀ ਆਬਾਦੀ ਦੀ ਪ੍ਰਤੀਸ਼ਤਤਾ ਦੇ ਬਰਾਬਰ ਦਲਿਤ ਭਲਾਈ ਵਾਸਤੇ ਬਜ਼ਟ ਵਿੱਚੋਂ ਖਰਚ ਕਰਨਾ ਲਾਜ਼ਮੀ ਹੋਵੇਗਾ ਅਤੇ 85ਵੀਂ ਸੰਵਿਧਾਨਕ ਸੋਧ ਨੂੰ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਅਨੁਸਾਰ ਲਾਗੂ ਕੀਤਾ ਜਾਵੇਗਾ।
                  ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਮੁੱਖ ਮੰਤਰੀ ਨੇ ਸੂਖਮ, ਲਘੂ ਅਤੇ ਦਰਮਿਆਨੇ (ਐਮ.ਐਸ.ਐਮ.ਈ) ਉਦਯੋਗਾਂ ਲਈ 1150 ਵਿਆਪਕ ਸੁਧਾਰਾਂ ਦਾ ਐਲਾਨ ਵੀ ਕੀਤਾ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵੇਰਵੇ ਨਿਵੇਸ਼ ਪ੍ਰੋਤਸਾਹਨ ਵਿਭਾਗ ਦੁਆਰਾ ਵੱਖਰੇ ਤੌਰ `ਤੇ ਸਾਂਝੇ ਕੀਤੇ ਜਾਣਗੇ।
ਸਰਕਾਰੀ ਹਸਪਤਾਲਾਂ ਵਿੱਚ ਕਈ ਮਹਿੰਗੇ ਟੈਸਟ ਮੁਫ਼ਤ ਕੀਤੇ ਗਏ
               ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕੁੱਝ ਮਹਿੰਗੇ ਡਾਕਟਰੀ ਇਲਾਜ਼ ਅਤੇ ਡਾਇਲਸਿਸ, ਐਕਸਰੇ ਆਦਿ ਵਰਗੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤੇ ਜਾਣਗੇ।ਛੇਤੀ ਹੀ ਇੱਕ ਵਿਆਪਕ ਸਿਹਤ ਬੀਮਾ ਸ਼ੁਰੂ ਕੀਤਾ ਜਾਵੇਗਾ।
                 ਮੁਖ ਮੰਤਰੀ ਵਲੋਂ ਕੀਤੇ ਗਏ ਕਈ ਹੋਰ ਮਹੱਤਵਪੂਰਨ ਐਲਾਨਾਂ ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਸਾਰੀਆਂ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਅਤੇ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਹੀਨਾਵਾਰ ਮਾਣ ਭੱਤੇ ਵਿੱਚ ਕ੍ਰਮਵਾਰ 600, 500 ਅਤੇ 300 ਰੁਪਏ ਦਾ ਵਾਧਾ ਕਾਰਨਾ ਸ਼ਾਮਲ ਹੈ।
                 ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 1170 ਕਰੋੜ ਰੁਪਏ ਖਰਚ ਕੀਤੇ ਜਾਣਗੇ।
                ਬੇਜ਼ਮੀਨੇ ਕਿਸਾਨਾਂ ਦੀ ਭਲਾਈ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਉਂਦੀ 20 ਅਗਸਤ ਨੂੰ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਨਮ ਵਰ੍ਹੇਗੰਢ ਮੌਕੇ ਕਰਜ਼ਾ ਰਾਹਤ ਸਕੀਮ ਅਧੀਨ 2.85 ਲੱਖ ਬੇਜ਼ਮੀਨੇ ਕਿਸਾਨਾਂ ਨੂੰ 520 ਕਰੋੜ ਰੁਪਏ ਦੀ ਅਦਾਇਗੀ ਕਰੇਗੀ।ਐਸ.ਸੀ ਅਤੇ ਬੀ.ਸੀ ਕਾਰਪੋਰੇਸ਼ਨ ਦੇ ਲਗਭਗ 16000 ਲਾਭਪਾਤਰੀਆਂ ਨੂੰ ਜਲਦ ਹੀ 62 ਕਰੋੜ ਰੁਪਏ ਦੀ ਲਾਗਤ ਨਾਲ 50000 ਰੁਪਏ ਤੱਕ ਦੀ ਕਰਜ਼ਾ ਰਾਹਤ ਦਿੱਤੀ ਜਾਵੇਗੀ।
               ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਨਜ਼ਦੀਕ ਛੇਵੇਂ ਪਾਤਸ਼ਾਹ ਸ੍ਰੀ ਗੁਰੀ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾਵੇਗੀ।
                  ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਯਾਦਗਾਰ ਬਣਾਈ ਜਾਵੇਗੀ।
                            ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ.ਸੀ, ਸੁਖਵਿੰਦਰ ਸਿੰਘ ਡੈਨੀ, ਸੰਤੋਖ ਸਿੰਘ ਭਲਾਈਪੁਰ ਅਤੇ ਬਲਵਿੰਦਰ ਸਿੰਘ ਲਾਡੀ, ਮੇਅਰ ਕਰਮਜੀਤ ਸਿੰਘ ਰਿੰਟੂ, ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ ਸੇਰਗਿੱਲ (ਸੇਵਾਮੁਕਤ), ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਵਿਨੀ ਮਹਾਜਨ, ਡੀ.ਜੀ.ਪੀ ਦਿਨਕਰ ਗੁਪਤਾ, ਡਵੀਜ਼ਨਲ ਕਮਿਸ਼ਨਰ ਵਰੁਣ ਰੂਜ਼ਮ, ਡਿਪਟੀ ਕਮਿਸਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ, ਕਮਿਸਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਐਮ.ਸੀ ਅੰਮ੍ਰਿਤਸਰ ਮਾਲਵਿੰਦਰ ਸਿੰਘ ਜੱਗੀ, ਜ਼ਿਲ੍ਹਾ ਤੇ ਸ਼ੈਸ਼ਨ ਜੱਜ ਮੈਡਮ ਹਰਪ੍ਰੀਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਡਿਪਟੀ ਮੇਅਰ ਯੂਨਸ ਕੁਮਾਰ, ਚੇਅਰਮੈਨ ਮੈਡਮ ਮਮਤਾ ਦੱਤਾ, ਚੇਅਰਮੈਨ ਲਾਲੀ ਮਜੀਠੀਆ, ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ, ਕਾਂਗਰਸ ਪ੍ਰਧਾਨ ਸ਼ਹਿਰੀ ਸ੍ਰੀਮਤੀ ਜਤਿੰਦਰ ਸੋਨੀਆ, ਕਾਂਗਰਸ ਪ੍ਰਧਾਨ ਦਿਹਾਤੀ ਭਗਵੰਤ ਪਾਲ ਸਿੰਘ ਸੱਚਰ, ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਹਲਕਾ ਇੰਚਾਰਜ਼, ਗੁਰਦੇਵ ਸਿੰਘ ਝੀਤਾ, ਆਕਾਸ਼ਦੀਪ ਮਜੀਠੀਆ ਜਨਰਲ ਸੈਕਰਟਰੀ ਪੰਜਾਬ ਯੂਥ ਕਾਂਗਰਸ ਮੌਜ਼ੂਦ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …