Wednesday, March 18, 2026

ਬੱਚਿਆਂ ਨੂੰ ਨਿਮੋਨੀਆ ਤੋਂ ਬਚਾਏਗੀ ਪੀ.ਸੀ.ਵੀ ਵੈਕਸੀਨ – ਡਾ. ਮਨਦੀਪ ਕਮਲ

25 ਅਗਸਤ ਨੂੰ ਨਿਯਮਤ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗੀ ਪੀ.ਸੀ.ਵੀ ਵੈਕਸੀਨ

ਨਵਾਂਸ਼ਹਿਰ, 21 ਅਗਸਤ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕਮਲ ਦੀ ਯੋਗ ਅਗਵਾਈ ਹੇਠ ਜਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਸਬੰਧੀ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਮੈਡੀਕਲ ਅਫਸਰਾਂ ਸਮੇਤ ਨਰਸਿੰਗ ਅਫਸਰਾਂ, ਐਲ.ਅੱਚ.ਵੀ, ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ।
ਡਾ. ਮਨਦੀਪ ਕਮਲ ਸੀਨੀਅਰ ਮੈਡੀਕਲ ਅਫਸਰ ਜਿਲ੍ਹਾ ਹਸਪਤਾਲ ਨਵਾਂਸ਼ਹਿਰ ਨੇ ਟ੍ਰੇਨਿੰਗ ਦੀ ਸ਼ੁਰੂਆਤ ‘ਚ ਪੀ.ਸੀ.ਵੀ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਿਲ੍ਹੇ ਵਿੱਚ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਾਸਤੇ ਪੀ.ਸੀ.ਵੀ ਨੂੰ ਨਿਯਮਤ ਟੀਕਾਕਰਨ ਪ੍ਰੋਗਰਾਮ ਵਿੱਚ 25 ਅਗਸਤ ਤੋਂ ਸ਼ਾਮਿਲ ਕੀਤਾ ਜਾ ਰਿਹਾ ਹੈ।ਇਸ ਦੀ ਸ਼ੁਰੂਆਤ 2017 ‘ਚ 5 ਸੂਬਿਆਂ ਬਿਹਾਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਕੀਤੀ ਗਈ ਸੀ। ਜੋ ਹੁਣ ਪੂਰੇ ਦੇਸ਼ ਵਿੱਚ ਹੋਣ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਵੈਕਸੀਨ ਕੇਵਲ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲੱਬਧ ਸੀ।ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬੱਚਿਆਂ ਦੀ ਮੌਤ ਦਾ ਇਕ ਵੱਡਾ ਕਾਰਨ ਨਮੂਨੀਆ ਹੈ ਤੇ ਇਹ ਟੀਕਾਕਰਨ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਲਾਭਕਾਰੀ ਹੋਵੇਗਾ।ਟੀਕਾ ਮਾਰਕਿਟ ਵਿਚ ਬਹੁਤ ਮਹਿੰਗਾ ਹੈ, ਪਰ ਸਰਕਾਰ ਵੱਲੋਂ ਇਹ ਨਿਯਮਤ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਮੁਫਤ ਦਿੱਤਾ ਜਾਵੇਗਾ।
                ਇਸ ਟ੍ਰੇਨਿੰਗ ਵਿਚ ਮੈਡੀਕਲ ਅਫਸਰ ਡਾ. ਹਰਪਿੰਦਰ ਸਿੰਘ ਅਤੇ ਡਾ. ਹਰਤੇਸ਼ ਪਾਹਵਾ ਨੇ ਨਿਊਮੋਕੋਕਲ ਨਿਊਮੋਨੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਗੰਭੀਰ ਸਾਹ ਦੀ ਲਾਗ ਹੈ, ਜਿਸ ਵਿੱਚ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ, ਬੁਖਾਰ ਤੇ ਖੰਘ ਆਉਂਦੀ ਹੈ ਅਤੇ ਸਾਹ ਦੇ ਨਾਲ ਖੰਘ ਅਤੇ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਅਗਲੇ ਬੁੱਧਵਾਰ ਤੋਂ ਬੱਚਿਆਂ ਨੂੰ ਨਿਊਮੋਕੋਕਲ ਨਿਊਮੋਨੀਆ ਤੋਂ ਬਚਣ ਦੇ ਲਈ ਨਿਊਮੋਕੋਕਲ ਕੰਜੂਗੇਟ ਵੈਕਸੀਨ ਦੀ ਸ਼ੁਰੂਆਤ ਕੀਤੀ ਜਾਵੇਗੀ।
                ਉਨ੍ਹਾਂ ਨੇ ਅੱਗੇ ਦੱਸਿਆ ਕਿ ਨਿਯਮਤ ਟੀਕਾਕਰਨ ਪ੍ਰੋਗਰਾਮ ਦੇ ਅਧੀਨ ਪੀ.ਸੀ.ਵੀ ਦੇ ਟੀਕੇ ਦੀਆਂ ਤਿੰਨ ਖੁਰਾਕਾਂ ਲਗਾਈਆਂ ਜਾਣਗੀਆਂ।ਕਿ ਪੀ.ਸੀ.ਵੀ ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਟੀਕਾ ਹੈ।ਪੀ.ਸੀ.ਵੀ ਦੀ 2 ਪ੍ਰਾਇਮਰੀ ਅਤੇ 1 ਬੂਸਟਰ ਡੋਜ਼ ਹੋਵੇਗੀ।ਪਹਿਲੀ ਪ੍ਰਾਇਮਰੀ ਖੁਰਾਕ 6 ਹਫਤੇ, ਦੂਜੀ ਪ੍ਰਾਇਮਰੀ ਖੁਰਾਕ 14 ਹਫਤੇ ਅਤੇ ਬੂਸਟਰ ਖੁਰਾਕ 9 ਮਹੀਨੇ ਪੂਰੇ ਹੋਣ ’ਤੇ ਦਿੱਤੀ ਜਾਣੀ ਹੈ।ਪੀ.ਸੀ.ਵੀ ਵੈਕਸੀਨ ਬੱਚਿਆਂ ਦੀਆਂ ਨਿਊਮੋਕੋਕਲ ਬਿਮਾਰੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਾਏਗਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …