Wednesday, March 18, 2026

ਮੁੱਖ ਮੰਤਰੀ ਵਲੋਂ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ

ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ਕਰਵਾਏ ਗਏ ਆਨਲਾਈਨ ਸਮਾਗਮ

ਪਠਾਨਕੋਟ, 21 ਅਗਸਤ (ਪੰਜਾਬ ਪੋਸਟ ਬਿਊਰੋ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਕਰਕੇ ਕੀਤੀ।ਉਨਾਂ ਨੇ ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਗਰੀਬ ਪੱਖੀ ਸੋਚ ਵੱਲ ਇਕ ਸ਼ਰਧਾਂਜਲੀ ਦੱਸਿਆ।ਜਿਕਰਯੋਗ ਹੈ ਕਿ ਇਸ ਸਮਾਗਮ ਨੂੰ ਦਿਖਾਉਂਣ ਦੇ ਲਈ ਜਿਲ੍ਹਾ ਪਠਾਨਕੋਟ ਵਿੱਚ ਵੀ ਵੱਖ-ਵੱਖ ਸਥਾਨਾਂ ਤੇ ਆਨ ਲਾਈਨ ਪ੍ਰੋਗਰਾਮ ਦਿਖਾਇਆ ਗਿਆ।ਪੱਧਰੀ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਸੁਨੀਲ ਕਾਟਲ ਸਹਾਇਕ ਰਜਿਸਟਰਾਰ ਪਠਾਨਕੋਟ ਅਤੇ ਰੋਹਿਤ ਗਿੱਲ ਸਹਾਇਕ ਰਜਿਸਟਰਾਰ ਧਾਰ ਕਲ੍ਹਾਂ ਵੱਲੋਂ ਸਾਂਝੇ ਤੋਰ ‘ਤੇ ਕੀਤੀ ਗਈ।
              ਸਮਾਗਮ ਦੋਰਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ 520 ਕਰੋੜ ਰੁਪਏ ਦੇ ਕਰਜ਼ੇ 31 ਜੁਲਾਈ 2017 ਨੂੰ ਉਨਾਂ ਦੇ ਸਹਿਕਾਰੀ ਕਰਜ਼ਿਆਂ ’ਤੇ ਬਣਦੀ ਅਸਲ ਰਕਮ ਅਤੇ 6 ਮਾਰਚ, 2019 ਤੱਕ ਉਪਰੋਕਤ ਰਕਮ ’ਤੇ ਸਾਲਾਨਾ 7 ਫੀਸਦੀ ਆਮ ਵਿਆਜ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ 5.85 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 4700 ਕਰੋੜ ਰੁਪਏ ਦੇ ਕਰਜ਼ੇ (2 ਲੱਖ ਰੁਪਏ ਪ੍ਰਤੀ ਤੱਕ ਦੇ ਫਸਲੀ ਕਰਜ਼ੇ) ਮੁਆਫ ਕਰ ਦਿੱਤੇ ਸਨ।
                    ਉਨ੍ਹਾਂ ਕਿਹਾ ਕਿ 15.7 ਲੱਖ ਬੇਜ਼ਮੀਨੇ ਕਿਸਾਨ ਅਤੇ ਖੇਤ ਮਜ਼ਦੂਰ ਸੂਬੇ ਦੇ 32.7 ਲੱਖ ਪੇਂਡੂ ਘਰਾਂ (2011 ਦੀ ਜਨਗਣਨਾ ਮੁਤਾਬਿਕ) ਦਾ 48 ਫੀਸਦੀ ਹਿੱਸਾ ਹਨ।ਉਨਾਂ ਅੱਗੇ ਕਿਹਾ ਕਿ ਹੋਰ 9.8 ਲੱਖ ਖੇਤੀਬਾੜੀ ਕਰਦੇ ਪੇਂਡੂ ਪਰਿਵਾਰ ਹਨ (30 ਫੀਸਦੀ) ਅਤੇ ਇਨਾਂ ਦੋਵਾਂ ਨੂੰ ਮਿਲਾ ਕੇ ਖੇਤੀਬਾੜੀ ਕਰਦੇ ਲੋਕਾਂ ਦੀ ਗਿਣਤੀ ਪੇਂਡੂੂ ਘਰਾਂ ਦੇ 78 ਫੀਸਦੀ ਦੇ ਬਰਾਬਰ ਪੁੱਜਦੀ ਹੈ।ਉਨਾਂ ਅਜਹੇ ਲੋਕਾਂ ਨੂੰ ਕੋਵਿਡ ਮਹਾਂਮਾਰੀ, ਜਿਸ ਨੇ ਹੁਣ ਤੱਕ 16,000 ਪੰਜਾਬੀਆਂ ਦੀਆਂ ਜਾਨਾਂ ਲਈਆਂ ਹਨ, ਦੇ ਬਾਵਜ਼ੂਦ ਵੀ ਭਰਪੂਰ ਫਸਲ ਪੈਦਾ ਕਰ ਕੇ ਸੂਬੇ ਦੇ ਅਰਥਚਾਰੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ।
                 ਮੁੱਖ ਮੰਤਰੀ ਨੇ ਹੋਰ ਕਰਜ਼ਾ ਰਾਹਤ ਸਕੀਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕਮੁਸ਼ਤ ਨਿਪਟਾਰਾ ਸਕੀਮ-2017 ਸਹਿਕਾਰੀ ਬੈਂਕਾਂ ਦੇ ਕਰਜ਼ਦਾਰਾਂ ਲਈ ਸ਼ੁਰੂ ਕੀਤੀ ਗਈ ਸੀ।ਜਿਸ ਨਾਲ 128 ਕਰੋੜ ਰੁਪਏ ਦੇ ਕਰਜ਼ਾਈ 5941 ਵਿਅਕਤੀਆਂ ਨੂੰ ਲਾਭ ਪਹੁੰਚਿਆ ਹੈ।ਇਸ ਤੋਂ ਇਲਾਵਾ ਨਵਾਂ ਕਰਜ਼ਾ ਨਿਪਟਾਰਾ-2020 ਤਹਿਤ ਕੁੱਲ 78.04 ਕਰੋੜ ਰੁਪਏ ਦੇ ਕਰਜ਼ਦਾਰ 3369 ਵਿਅਕਤੀਆਂ ਨੂੰ ਹੁਣ ਤੱਕ ਰਾਹਤ ਦਿੱਤੀ ਗਈ ਹੈ ਅਤੇ ਇਹ 31 ਜਨਵਰੀ, 2022 ਤੱਕ ਜਾਰੀ ਰਹੇਗੀ।
                   ਸਮਾਗਮ ਦੋਰਾਨ ਸਪੀਕਰ ਰਾਣਾ ਕੇ.ਪੀ ਸਿੰਘ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਛੋਟੇ ਵਪਾਰੀਆਂ ਅਤੇ ਸ਼ਹਿਰੀ ਦੁਕਾਨਦਾਰਾਂ ਦੀ ਹਾਲਤ ’ਤੇ ਪ੍ਰਗਟਾਈ ਗਈ ਚਿੰਤਾ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਨਾਂ ਲੋਕਾਂ ਦੀ ਭਲਾਈ ਲਈ ਵੀ ਕਦਮ ਚੱਕੇ ਜਾਣਗੇ ਅਤੇ ਹੋਰ ਲਾਕਡਾਊਨ ਨਹੀਂ ਲਾਗੂ ਕੀਤਾ ਜਾਵੇਗਾ।ਉਨਾਂ ਇਹ ਉਮੀਦ ਜ਼ਾਹਿਰ ਕੀਤੀ ਕਿ ਸੂਬੇ ਵਿੱਚ ਕੋਵਿਡ ਦੀ ਤੀਜ਼ੀ ਲਹਿਰ ਦੀ ਆਮਦ ਨਹੀਂ ਹੋਵੇਗੀ।
              ਇਸ ਤੋਂ ਪਹਿਲਾਂ ਸਮਾਗਮ ਦੋਰਾਨ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੀ ਕਰਜ਼ਾ ਰਾਹਤ ਨੂੰ ਰਾਜੀਵ ਗਾਂਧੀ ਦੀ ਸੋਚ ਪੂਰੀ ਕਰਨ ਵੱਲ ਇਕ ਇਤਿਹਾਸਿਕ ਕਦਮ ਦੱਸਿਆ।ਕੈਪਟਨ ਅਮਰਿੰਦਰ ਸਿੰਘ ਨੂੰ ਵਿਕਾਸ ਪੁਰਸ਼ ਅਤੇ ਸੂਬੇ ਦੇ ਹੱਕਾਂ ਦਾ ਰਾਖਾ ਕਹਿੰਦੇ ਹੋਏ ਰਾਜ ਕੁਮਾਰ ਵੇਰਕਾ ਨੇ ਇਹ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਸਕੀਮ ਤਾਂ ‘ਖੁਸ਼ਹਾਲ ਪੰਜਾਬ’ ਵੱਲ ਸਿਰਫ ਪਹਿਲਾ ਕਦਮ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …