ਵਧੀਕ ਡਿਪਟੀ ਕਮਿਸ਼ਨਰਾਂ ਵਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ
ਕਪੂਰਥਲਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਸ਼ੁਰੂ ਕੀਤੇ
ਗਏ ਰੋਜ਼ਗਾਰ ਮੇਲਿਆਂ ਤਹਿਤ 23 ਸਤੰਬਰ ਨੂੰ ਸੂਬਾ ਪੱਧਰੀ ਰੋਜ਼ਗਾਰ ਮੇਲਾ ਕਪੂਰਥਲਾ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਮੇਲੇ ਤੋਂ ਪਹਿਲਾਂ ਹਰ ਜ਼ਿਲ੍ਹਾ ਪੱਧਰ ‘ਤੇ ਲੱਗਣ ਵਾਲੇ ਮੇਲਿਆਂ ਦੌਰਾਨ ਕੰਪਨੀਆਂ ਵਿੱਚ ਚੁਣੇ ਜਾਣ ਵਾਲੇ ਪੰਜਾਬ ਭਰ ਦੇ ਉਮੀਦਵਾਰਾਂ ਨੂੰ ਨਿਯੁੱਕਤੀ ਪੱਤਰ ਸੂਬਾ ਪੱਧਰੀ ਸਮਾਗਮ ਦੌਰਾਨ ਦਿੱਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਯਾ ਉੱਪਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਐਸ.ਪੀ ਆਂਗਰਾ ਵਲੋਂ ਵੱਖ ਵੱਖ ਅਧਿਕਾਰੀਆਂ ਨਾਲ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ।ਉਨਾਂ ਉਦਯੋਗ ਵਿਭਾਗ, ਸਿੱਖਿਆ ਵਿਭਾਗ, ਕਰ ਤੇ ਅਬਕਾਰੀ, ਰੋਜ਼ਗਾਰ ਉਤਪਤੀ, ਮਾਰਕਫੈਡ, ਫੂਡ ਪ੍ਰੋਸੈਸਿੰਗ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਖੇਤਰਾਂ ਨਾਲ ਸਬੰਧਿਤ ਉਦਯੋਗਾਂ ਅਤੇ ਸੰਸਥਾਵਾਂ ਵਿਚ ਖਾਲੀ ਅਸਾਮੀਆਂ ਅਤੇ ਸੰਭਾਵੀ ਉਮੀਦਵਾਰਾਂ ਦੀਆਂ ਸੂਚੀਆਂ ਸ਼ੁਕਰਵਾਰ 27 ਅਗਸਤ ਤੱਕ ਮੁਹੱਈਆ ਕਰਵਾਉਣ।
ਉਨਾਂ ਕਿਹਾ ਕਿ ਰੋਜ਼ਗਾਰ ਮੇਲੇ ਪ੍ਰਤੀ ਨੌਜਵਾਨਾਂ ਵਿਚ ਜਾਗਰੂਕਤਾ ਲਈ ਵਿਸ਼ੇਸ਼ ਮਹਿੰਮ ਵਿੱਢੀ ਜਾਵੇ।ਜਿਸ ਤਹਿਤ ਹਰੇਕ ਉਚੇਰੀ ਸਿੱਖਿਆ ਸੰਸਥਾ, ਤਕਨੀਕੀ ਸੰਸਥਾਵਾਂ, ਯੂਨੀਵਿਰਸਟੀਆਂ, ਆਈ.ਟੀ.ਆਈਜ਼ ਦੇ ਵਿਦਿਆਰਥੀਆਂ ਨਾਲ ਸੰਪਰਕ ਕਰਕੇ ਉਨਾਂ ਨੂੰ ਮੌਜ਼ੂਦ ਆਸਾਮੀਆਂ ਅਤੇ ਯੋਗਤਾਵਾਂ ਬਾਰੇ ਜਾਣੂ ਕਰਵਾਇਆ ਜਾਵੇ।ਜ਼ਿਲ੍ਹੇ ਦੇ ਵਪਾਰਕ ਅਤੇ ਉਦਯੋਗਿਕ ਅਦਾਰਿਆਂ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਨੌਜਵਾਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ।
ਜ਼ਿਕਰਯੋਗ ਹੈ ਕਿ ਸੂਬਾ ਪੱਧਰੀ ਰੋਜ਼ਗਾਰ ਮੇਲੇ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਵਿੱਚ ਵੀ 9 ਤੋਂ 17 ਸਤੰਬਰ ਤੱਕ ਪਹਿਲਾ ਰੋਜ਼ਗਾਰ ਮੇਲਾ 9 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਪੂਰਥਲਾ, 14 ਸਤੰਬਰ ਨੂੰ ਐਸ.ਡੀ ਕਾਲਜ ਸੁਲਤਾਨਪੁਰ ਲੋਧੀ, 16 ਸੰਤਬਰ ਨੂੰ ਰਾਮਗੜੀਆ ਇੰਸਟੀਚਿਊਟ ਆਫ ਇੰਜ. ਫਗਵਾੜਾ, 17 ਸਤੰਬਰ ਨੂੰ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਲੱਗੇਗਾ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ, ਐਕਸੀਅਨ ਸਰਬਰਾਜ ਅਤੇ ਪਵਨ ਕੁਮਾਰ, ਜ਼ਿਲ੍ਹਾ ਰੋਜ਼ਗਾਰ ਬਿਊਰੋ ਮੁਖੀ ਨੀਲਮ ਮਹੇ, ਪ੍ਰਿੰ. ਨਵਚੇਤਨ ਸਿੰਘ, ਜੀ.ਐਮ.ਡੀ.ਆਈ.ਸੀ ਸਤਪਾਲ ਸਿੰਘ ਹਾਜ਼ਰ ਸਨ।
Punjab Post Daily Online Newspaper & Print Media