ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੇ-ਲੋੜੀਆਂ

ਸਹੂਲਤਾਂ, ਭੱਤੇ ਬੰਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਸਰਕਾਰੀ ਦਫ਼ਤਰਾਂ ਵਾਂਗ ਦਫ਼ਤਰ ਬਨਾਉਣ ਦੀ ਮੰਗ ਕੀਤੀ ਹੈ।ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹੋਰਨਾਂ ਆਗੂਆਂ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਮੰਚ ਆਗੂ ਨੇ ਕਿਹਾ ਕਿ ਉਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਜਾ ਕੇ ਖੁਦ ਵੇਖ ਕੇ ਆਏ ਹਨ ਕਿ ਹਰ ਅਸੈਂਬਲੀ ਹਲਕੇ ਵਿੱਚ ਸਰਕਾਰੀ ਦਫ਼ਤਰ ਵਾਂਗ ਵਿਧਾਇਕ ਦਾ ਦਫ਼ਤਰ ਹੈ, ਜਿਥੇ ਕਲਰਕ ਤੇ ਹੋਰ ਸਟਾਫ ਹੈ ਅਤੇ ਵਿਧਾਇਕ ਵੀ ਬਕਾਇਦਾ ਬੈਠਦੇ ਹਨ।ਜਦਕਿ ਇਥੇ ਲੋਕ ਵਿਧਾਇਕ ਨੂੰ ਲੱਭਦੇ ਫਿਰਦੇ ਹਨ।ਵਿਧਾਇਕਾਂ ਨੂੰ ਮਹਿੰਗੀਆਂ ਗੱਡੀਆਂ ਲੈ ਕੇ ਦਿੱਤੀਆਂ ਹਨ।ਡਰਾਈਵਰ ਅਤੇ ਸੁਰੱਖਿਆ ਕਰਮਚਾਰੀ ਹਰ ਵੇਲੇ ਵਿਧਾਇਕਾਂ ਦੇ ਨਾਲ ਹੁੰਦੇ ਹਨ।ਕੈਨੇਡਾ ਵਿੱਚ ਵਿਧਾਇਕਾਂ ਨੂੰ ਸਿਰਫ ਤਨਖਾਹ ਮਿਲਦੀ ਹੈ, ਨਾ ਤਾਂ ਸਰਕਾਰੀ ਗੱਡੀ ਤੇ ਨਾ ਹੀ ਡਰਾਇਵਰ।ਉਹ ਆਪਣੀ ਕਾਰ ਆਪ ਖ਼ੁਦ ਚਲਾਉਂਦੇ ਹਨ।ਪੰਜਾਬ ਵਿੱਚ ਅੱਤਵਾਦ ਸਮੇਂ ਗੱਡੀਆਂ ਤੇ ਸੁਰੱਖਿਆ ਕਰਮਚਾਰੀ ਦਿੱਤੇ ਜਾਣ ਲੱਗੇ ਸਨ।ਹੁਣ ਹਾਲਾਤ ਠੀਕ ਹੋ ਗਏ ਹਨ, ਇਸ ਲਈ ਸਰਕਾਰੀ ਗੱਡੀਆਂ ਤੇ ਸੁਰੱਖਿਆ ਕਰਮਚਾਰੀ ਵਾਪਿਸ ਲਏ ਜਾਣ। ਜੇ ਦੇਣਾ ਹੈ ਤਾਂ ਇੱਕ ਇੱਕ ਗਨਮੈਨ ਦੇ ਦਿੱਤਾ ਜਾਵੇ।
ਕੈਨੇਡਾ ਵਿੱਚ ਵਿਧਾਇਕ ਆਪਣਾ ਆਮਦਨ ਟੈਕਸ ਆਪ ਤਾਰਦੇ ਹਨ।ਪੰਜਾਬ ਵਿੱਚ ਸਰਕਾਰੀ ਕਰਮਚਾਰੀ ਇੱਥੋਂ ਤੀਕ ਪੈਨਸ਼ਨਰ ਵੀ ਬਣਦਾ ਇਨਕਮ ਟੈਕਸ ਆਪ ਤਾਰਦੇ ਹਨ।ਪਰ ਵਿਧਾਇਕਾਂ, ਮੁੱਖ ਮੰਤਰੀ ਤੇ ਮੰਤਰੀਆਂ ਦਾ ਟੈਕਸ ਸਰਕਾਰੀ ਖਜ਼ਾਨੇ ਵਿੱਚੋਂ ਤਾਰਿਆ ਜਾਂਦਾ ਹੈ।ਪੰਜਾਬ ਵਿੱਚ ਹਰ ਵਾਰੀ ਚੁਣੇ ਜਾਣ ‘ਤੇ ਵਿਧਾਇਕ ਦੀ ਤਨਖਾਹ ਵਧਾਈ ਜਾਂਦੀ ਹੈ।
ਕੈਨੇਡਾ ਵਿੱਚ ਵਿਧਾਇਕਾਂ ਦੇ ਕਾਰੋਬਾਰ ਕਰਨ ‘ਤੇ ਪਾਬੰਦੀ ਹੈ।ਇਥੇ ਹਰ ਵਿਧਾਇਕ ਕੋਈ ਨਾ ਕੋਈ ਕਾਰੋਬਰ ਕਰ ਰਿਹਾ ਹੈ।
ਆਪ ਪਾਰਟੀ ਦੇ ਵਿਧਾਇਕਾਂ ਨੇ 17 ਅਗਸਤ 2021 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਮੁਲਾਕਾਤ ਕਰਕੇ ਵਿਧਾਇਕਾਂ ਨੂੰ ਇੱਕ ਤੋਂ ਵੱਧ ਪੈਨਸ਼ਨਾਂ ਰੋਕਣ ਦੀ ਮੰਗ ਕੀਤੀ ਹੈ।ਕਈ ਸਿਆਸੀ ਆਗੂ ਪੰਜ-ਪੰਜ ਪੈਨਸ਼ਨਾਂ ਲੈ ਰਹੇ ਹਨ।ਆਪ ਆਗੂਆਂ ਨੇ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਇਲਾਵਾ ਸਭ ਨੂੰ ਬਰਾਬਰਤਾ ਦੇ ਆਧਾਰ ‘ਤੇ ਪੈਨਸ਼ਨ ਦਿੱਤੀ ਜਾਵੇ।
2 ਅਗਸਤ 2021 ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਿਰਫ਼ ਤਿੰਨ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਿਮਰਨਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਹੀ ਅਜਿਹੇ ਵਿਧਾਇਕ ਹਨ ਜਿਨ੍ਹਾਂ ਦੀ ਤਨਖਾਹ ਵਿੱਚੋਂ ਆਮਦਨ ਕਰ ਅਦਾ ਕੀਤਾ ਜਾਂਦਾ ਹੈ ਜਦ ਕਿ 93 ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾ ਰਿਹਾ ਹੈ।
13 ਅਗਸਤ 2021 ਦੀ ਖ਼ਬਰ ਅਨੁਸਾਰ 27 ਵਿਧਾਇਕਾਂ ਜਿਨ੍ਹਾਂ ਵਿੱਚ ਜ਼ਿਆਦਾਤਰ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਖੇਮੇ ਵਿੱਚੋਂ ਸਨ ਉਨ੍ਹਾਂ ਨੂੰ ਇਹ ਆਖ ਕੇ ਕਿ ਫੰਡ ਖ਼ਤਮ ਹੋ ਗਿਆ ਕਹਿ ਕਿ ਕਾਰਾਂ ਨਹੀਂ ਦਿੱਤੀਆਂ ਗਈਆਂ, ਜਦ ਕਿ ਕੈਪਟਨ ਧੜ੍ਹੇ ਦੇ 22 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ 3 ਕਰੋੜ 45 ਲੱਖ ਖ਼ਰਚ ਕੇ ਗੱਡੀਆਂ ਲੈ ਕੇ ਦਿੱਤੀਆਂ ਗਈਆਂ।ਮੁੱਖ ਮੰਤਰੀ ਸੁਰੱਖਿਆ ਲਈ ਚਾਰ ਨਵੀਆਂ ਗੱਡੀਆਂ ਖਰੀਦੀਆਂ ਗਈਆਂ ਜਿਨ੍ਹਾਂ ਵਿੱਚ ਤਕਰੀਬਨ 55 ਲੱਖ ਰੁਪਏ ਖਰਚ ਗਏ।
ਮੰਚ ਆਗੂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀਬਾਜ਼ੀ ਤੋਂ ਉੱਠ ਕੇ ਸਰਕਾਰੀ ਖਜਾਨੇ ਦੀ ਲੁੱਟ-ਘਸੁੱਟ ਵਿਰੁੱਧ ਆਵਾਜ਼ ਉਠਾਉਣ ।
Punjab Post Daily Online Newspaper & Print Media