Friday, June 26, 2026

ਕਿਸਾਨ ਜਥੇਬੰਦੀਆਂ ਦੇ ਵਰਕਰਾਂ ਵਿਰੁੱਧ ਨਜਾਇਜ਼ ਪਰਚੇ ਰੱਦ ਕੀਤੇ ਜਾਣ ਦੀ ਮੰਗ

ਸੁਖਬੀਰ ਬਾਦਲ ਦੀ ਮਾਛੀਵਾੜਾ ਸਾਹਿਬ ਦੀ ਫੇਰੀ ਦੌਰਾਨ ਕਾਲ਼ੇ ਝੰਡੇ ਦਿਖਾ ਕੇ ਕੀਤਾ ਸੀ ਵਿਰੋਧ

ਸਮਰਾਲਾ, 3 ਸਤੰਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਦੀ ਇਕ ਮੀਟਿੰਗ ਸਮਰਾਲਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਦੇ ਸੱਦੇ ’ਤੇ ਸੰਘੂ ਹਾਲ ਵਿਖੇ ਕੀਤੀ ਗਈ।ਜਿਸ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ਼ ਦੀ ਕਾਰਵਾਈ ਚਲਾਉਂਦਿਆਂ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਸਕੱਤਰ ਦੀਪ ਦਿਲਬਰ ਨੇ ਸਾਰਿਆਂ ਨਾਲ਼ ਜਾਣਕਾਰੀ ਸਾਂਝੀ ਕੀਤੀ ਕਿ ਪਿਛਲੇ ਦਿਨੀਂ ਮਾਛੀਵਾੜਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਫੇਰੀ ਦੌਰਾਨ ਜਦੋਂ ਕਿਸਾਨ ਆਗੂ ਅਤੇ ਯੂਨੀਅਨਾਂ ਦੇ ਮੈਂਬਰ ਜਾਂ ਹੋਰ ਸਮਾਜਸੇਵੀ ਲੋਕ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਅਤੇ ਉਹਨਾਂ ਤੋਂ ਸਵਾਲ ਪੁੱਛਣ ਲਈ ਗੜ੍ਹੀ ਦੇ ਪੁਲ ’ਤੇ ਜਾਂ ਜਿੱਥੇ ਜਿੱਥੇ ਉਨ੍ਹਾਂ ਦੇ ਪ੍ਰੋਗਰਾਮ ਸਨ, ਵੱਡੀ ਗਿਣਤੀ ‘ਚ ਇਕੱਠੇ ਹੋਏ ਤਾਂ ਪੁਲਿਸ ਪ੍ਰਬੰਧ ਪੂਰਾ ਨਾ ਹੋਣ ਕਰਕੇ ਪ੍ਰਧਾਨ ਬਾਦਲ ਨੂੰ ਆਪਣੇ ਸਾਥੀਆਂ ਸਮੇਤ ਕੁੱਝ ਥਾਵਾਂ ਦੇ ਦੌਰੇ ਰੱਦ ਕਰਨੇ ਪਏ।
                   ਇਸੇ ਗੱਲ ਤੋਂ ਬੁਖਲਾਹਟ ਵਿੱਚ ਆ ਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਆਪਣੇ ਕੁੱਝ ਆਗੂਆਂ ਸਮੇਤ ਕਿਸਾਨ ਯੂਨੀਅਨ ਦੇ ਮੈਂਬਰਾਂ ਅਤੇ ਸਮਾਜਸੇਵੀ ਲੋਕਾਂ ਉਪਰ ਨਜਾਇਜ਼ ਪਰਚੇ ਦਰਜ ਕਰਵਾ ਦਿੱਤੇ ਹਨ। ਇਸ ਦੇ ਸਬੰਧ ਵਿੱਚ ਹੀ ਅੱਜ ਦੀ ਮੀਟਿੰਗ ਸੱਦੀ ਗਈ ਹੈ।ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਸ਼ਾਂਤਮਈ ਵਿਰੋਧ ਕਰਨਾ ਉਨਾਂ ਦਾ ਹੱਕ ਹੈ।ਪਿਛਲੇ 9 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।ਸੁਖਬੀਰ ਬਾਦਲ ਦੀ ਫੇਰੀ ਦੌਰਾਨ ਵੀ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ ਸ਼ਾਂਤਮਈ ਸੀ।ਹੋ ਸਕਦਾ ਹੈ ਭੀੜ ਵਿੱਚ ਕੁੱਝ ਸ਼ਰਾਰਤੀ ਅਨਸਰ ਵੀ ਸ਼ਾਮਿਲ ਹੋ ਗਏ ਹੋਣ ਜਿਨ੍ਹਾਂ ਦਾ ਖਿਆਲ ਰੱਖਣਾ ਪੁਲਿਸ ਦੀ ਜਿੰਮੇਵਾਰੀ ਸੀ।ਪਰ ਉਨਾਂ ਦੇ ਕਿਸੇ ਵੀ ਆਗੂ ਅਤੇ ਵਰਕਰ ਜਾਂ ਸਹਿਯੋਗੀ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਨੇ ਕੋਈ ਭੰਨ ਤੋੜ ਨਹੀਂ ਕੀਤੀ। ਇਸ ਕਰਕੇ ਨਜਾਇਜ਼ ਪਰਚੇ ਰੱਦ ਕੀਤੇ ਜਾਣ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸੁਖਵਿੰਦਰ ਸਿੰਘ ਭੱਟੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਅਸਲ ਵਿਰੋਧ ਤਾਂ ਭਾਰਤੀ ਜਨਤਾ ਪਾਰਟੀ ਨਾਲ਼ ਹੈ।ਪਰ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਉਹ ਇਕੱਠੇ ਹੋ ਕੇ ਕੁੱਝ ਸਵਾਲ ਹੀ ਪੁੱਛਦੇ ਹਨ ਜਾਂ ਕਾਲ਼ੀਆਂ ਝੰਡੀਆਂ ਨਾਲ਼ ਹੀ ਉਨ੍ਹਾਂ ਦਾ ਵਿਰੋਧ ਕਰਦੇ ਹਨ।ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਅਤੇ ਵਾਇਸ ਚੇਅਰਮੈਨ ਇੰਦਰੇਸ਼ ਜੈਦਕਾ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੋਮਵਾਰ ਤੱਕ ਜਿਹੜੇ ਇਹ 14 ਨਜਾਇਜ਼ ਪਰਚੇ ਬਾਈ ਨੇਮ ਅਤੇ 60 ਅਣਪਛਾਤੇ ਵਿਅਕਤੀਆਂ ਖਿਲਾਫ ਕੀਤੇ ਗਏ ਹਨ ਇਨ੍ਹਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਕਿਸਾਨ ਯੂਨੀਅਨਾਂ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਨਾਲ਼ ਲੈ ਕੇ ਪੁਲਿਸ ਪ੍ਰਸ਼ਾਸ਼ਨ ਦਾ ਘਿਰਾਓ ਕਰਦੇ ਹੋਏ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਜੇ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨ ਹਿਤੈਸ਼ੀ ਹਨ ਤਾਂ ਦਿੱਲੀ ਜਿੰਨੀ ਦੇਰ ਤੱਕ ਕਿਸਾਨ ਸੰਘਰਸ਼ ਚੱਲਦਾ ਹੈ ਆਪਣੀਆਂ ਰੈਲੀਆਂ ਰੱਦ ਕਰਕੇ ਕਿਸਾਨੀ ਸੰਘਰਸ਼ ਦੀ ਮਦਦ ਕਰਨ, ਨਹੀਂ ਤਾਂ ਇਨ੍ਹਾਂ ਰਾਜਨੀਤਕ ਪਾਰਟੀਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।ਮਨਮੋਹਨ ਸਿੰਘ ਖੇੜਾ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਦਰਸ਼ਨ ਸਿੰਘ (ਲੋਕ ਸੰਘਰਸ਼ ਕਮੇਟੀ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
                     ਇਸ ਮੀਟਿੰਗ ਵਿੱਚ ਨੀਰਜ਼ ਸਿਹਾਲਾ, ਤੇਜਿੰਦਰ ਸਿੰਘ ਗਰੇਵਾਲ, ਮੋਹਣ ਸਿੰਘ ਬਾਲਿਓਂ, ਸਵਰਨ ਸਿੰਘ ਘੁਲਾਲ, ਮਲਕੀਤ ਸਿੰਘ ਘੁਲਾਲ, ਅਮਿਤ ਮੋਦਗਿਲ ਬਘੌਰ, ਦਲਜੀਤ ਸਿੰਘ ਭਰਥਲਾ, ਯੱੁਧਵੀਰ ਸਿੰਘ, ਰਣਦੀਪ ਸਿੰਘ, ਕੁਲਦੀਪ ਸਿੰਘ ਉਟਾਲਾਂ, ਕਰਮਜੀਤ ਸਿੰਘ ਸਾਬਕਾ ਸਰਪੰਚ ਹੇੜੀਆਂ, ਕੁਲਦੀਪ ਸਿੰਘ ਗੜ੍ਹੀ ਤਰਖਾਣਾ, ਜਗਜੀਤ ਸਿੰਘ ਘੁਲਾਲ, ਰਮੇਸ਼ ਕੁਮਾਰ ਸਾਬਕਾ ਸਰਪੰਚ ਸਿਹਾਲਾ, ਪ੍ਰਗਟ ਸਿੰਘ ਭੰਗੂ, ਅਮਨਪ੍ਰੀਤ ਸਿੰਘ ਸੋਹੀ, ਪਰਮਜੀਤ ਸਿੰਘ ਮਾਛੀਵਾੜਾ, ਜਗਦੀਪ ਸਿੰਘ ਭਰਥਲਾ ਅਤੇ ਗੁਰਵਿੰਦਰ ਸਿੰਘ ਭਰਥਲਾ ਆਦਿ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …