ਰੋਸ ਧਰਨਿਆਂ ਆਦਿ ਲਈ ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਵਿਖੇ ਥਾਵਾਂ ਨਿਰਧਾਰਿਤ
ਨਵਾਂਸ਼ਹਿਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ/ਮੁਜ਼ਾਹਰੇ
ਦੌਰਾਨ ਮੁੱਖ ਮਾਰਗ ’ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ੍ਹ-ਜਲੰਧਰ-ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਆਉਂਦੀ ਸਮੱਸਿਆ ਅਤੇ ਮਰੀਜ਼ਾਂ ਨੂੰ ਹੰਗਾਮੀ ਹਾਲਤ ਵਿੱਚ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਨੂੰ ਰਸਤਾ ਨਾ ਮਿਲਣ ਕਾਰਨ, ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਹੁੰਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲੇ ਦੀ ਹਦੂਦ ਅੰਦਰ ਕਿਸੇ ਵੀ ਯੂਨੀਅਨ/ਜਥੇਬੰਦੀ ਵੱਲੋਂ ਸੜਕਾਂ/ਚੌਕਾਂ ਵਿੱਚ ਟ੍ਰੈਫਿਕ ਜ਼ਾਮ ਲਗਾਉਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਰੋਸ ਧਰਨਿਆਂ ਵਾਸਤੇ ਜ਼ਿਲ੍ਹੇ ਦੀਆਂ ਤਿੰਨਾਂ ਸਬ ਨਵਾਂਸ਼ਹਿਰ ਵਿੱਚ ਦੁਸਹਿਰਾ ਗਰਾਊਂਡ ਨਵਾਂਸ਼ਹਿਰ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਗੁਜਰਪੁਰ ਕਲਾਂ ਦਾ ਲਗਭਗ 40 ਕਨਾਲ ਰਕਬਾ ਨੇੜੇ ਰੇਲਵੇ ਫਾਟਕ ਬੰਗਾ ਰੋਡ ਨਵਾਂਸ਼ਹਿਰ, ਸਬ ਡਵੀਜ਼ਨ ਬੰਗਾ ਵਿਚ ਪੰਚਾਇਤੀ ਰਕਬਾ, ਗ੍ਰਾਮ ਪੰਚਾਇਤ ਪਿੰਡ ਪੂਨੀਆਂ ਅਤੇ ਸਬ ਡਵੀਜ਼ਨ ਬਲਾਚੌਰ ਵਿਖੇ ਮਿਊਂਸਪਲ ਖੇਡ ਮੈਦਾਨ (ਨਜ਼ਦੀਕ ਸਿਵਲ ਹਸਪਤਾਲ), ਜਗਤਪੁਰ ਰੋਡ, ਸਿਆਣਾ ਨਿਰਧਾਰਿਤ ਕੀਤੀਆਂ ਗਈਆਂ ਹਨ।ਲਾਊਡ ਸਪੀਕਰ ਦੀ ਮਨਜ਼ੂਰੀ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਲੈਣੀ ਜ਼ਰੂਰੀ ਹੋਵੇਗੀ।
ਨਵਾਂਸ਼ਹਿਰ ਵਿਖੇ ਚੰਡੀਗੜ੍ਹ ਚੌਕ, ਬੱਸ ਅੱਡਾ ਚੌਕ ਅਤੇ ਨਹਿਰੂ ਗੇਟ ਵਿਖੇ ਕਿਸੇ ਵੀ ਤਰ੍ਹਾਂ ਦਾ ਧਰਨਾ/ਆਵਾਜਾਈ ਵਿਚ ਵਿਘਨ ਪਾਉਣ, ਜ਼ਿਲ੍ਹੇ ਦੇ ਤਹਿਸੀਲ, ਐਸ.ਡੀ.ਐਮ ਅਤੇ ਡੀ.ਏ.ਸੀ ਕੰਪਲੈਕਸ ਵਿੱਚ ਵੀ ਅਜਿਹੀ ਕਿਸੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ, ਧਰਨੇ ਲਾਉਣ ਜਾਂ ਲਾਊਡ ਸਪੀਕਰ ਵਜਾਉਣ ’ਤੇ ਵੀ ਮੁਕੰਮਲ ਪਾਬੰਦੀ ਲਾਈ ਗਈ ਹੈ।ਇਹ ਮਨਾਹੀ ਦੇ ਹੁਕਮ 19 ਨਵੰਬਰ 2021 ਤੱਕ ਲਾਗੂ ਰਹਿਣਗੇ।
Punjab Post Daily Online Newspaper & Print Media