ਚੈਕ, ਸਲੋਵਾਕੀਆ ਅਤੇ ਪੰਜਾਬੀ ਵਿਦਿਆਰਥੀਆਂ ਦੀ ਭਰਵੀਂ ਸ਼ਿਰਕਤ
‘ਖ਼ਾਲਸਾ ਕਾਲਜ ਹੈਰੀਟੇਜ ਐਵਾਰਡ’ ਨਾਲ ਕਈ ਸਖ਼ਸ਼ੀਅਤਾਂ ਦਾ ਸਨਮਾਨ

ਅੰਮ੍ਰਿਤਸਰ, 12 ਨਵੰਬਰ (ਪ੍ਰੀਤਮ ਸਿੰਘ) – ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਰਾਸਤੀ ਕੈਂਪਸ ਵਿੱਚ ਚੈਕ ਰਿਪਬਲਿਕ, ਸਲੋਵੇਕੀਆ ਅਤੇ ਪੰਜਾਬੀ ਕਲਾਕਾਰਾਂ ਨੇ ਸਾਂਝੇ ਤੌਰ ‘ਤੇ ‘ਚੌਥੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਸੁਮੇਲ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਖ਼ਾਲਸਾ ਕਾਲਜ ਦਾ ਵਿਰਾਸਤੀ ਕੈਂਪਸ ਵਿਸ਼ਵ ਦੇ ਸੱਭਿਆਚਾਰਾਂ ਦਾ ਸਾਂਝਾ ਪਲੇਟਫ਼ਾਰਮ ਵੀ ਬਣ ਗਿਆ ਅਤੇ ਸਮੁੱਚਾ ਅੰਤਰਰਾਸ਼ਟਰੀ ਫ਼ੈਸਟੀਵਲ ਬਹੁਰੰਗਾਂ ਵਿੱਚ ਰੰਗਿਆ ਗਿਆ, ਜਿੱਥੇ ਯੂਰਪੀਅਨ ਵਿਦਿਆਰਥੀਆਂ ਤੇ ਕਲਾਕਾਰਾਂ ਨੇ ਕਲਾ ਦੇ ਸੁੰਦਰ ਜੌਹਰ ਵਿਖਾਏ, ਉੱਥੇ ਪੰਜਾਬੀ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਗਤਕਾ ਤੇ ਜੁਗਨੀ ਪੇਸ਼ ਕਰਕੇ ਹਾਜ਼ਰ ਸਰੋਤਿਆਂ ਦੇ ਸਿਰ ਝੂਮਣ ਲਾ ਦਿੱਤੇ।

ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਇਸ ਮੇਲੇ ਦੌਰਾਨ ਜਿੱਥੇ ਚੈਕ ਰਿਪਬਲਿਕਨ ਕਲਾਕਾਰਾਂ ਨੇ ਆਪਣੇ ਖਿੱਤੇ ਦੀ ਰਵਾਇਤੀ ਫ਼ੋਕ ਆਰਟ ਦਾ ਰੂਹਾਨੀਅਤ ਨਾਲ ਮੁਜ਼ਾਹਰਾ ਕੀਤਾ ਅਤੇ ਬੜੇ ਨਾਟਕੀ ਕਲਾ ਨਾਲ ਪੇਸ਼ਕਾਰੀਆਂ ਕੀਤੀਆਂ, ਉੱਥੇ ਸਲੋਵੇਕੀਆ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਰਵਾਇਤੀ ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਸਲਵਾਕੀਅਨ ਖਿੱਤੇ ਦੇ ਲੋਕ ਨਾਚਾਂ ਅਤੇ ਸਲਵਾਕੀਅਨ ਲੋਕ ਰਿਵਾਤਾਂ ਦਾ ਸੁਨਹਿਰੀ ਢੰਗ ਨਾਲ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਘੰਗਰੂ ਮਿਊਂਜੀਕਲ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਅੰਤਰਰਾਸ਼ਟਰੀ ਫ਼ੈਸਟੀਵਲ ਦੌਰਾਨ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਭਾਈ ਆਤਮਬੀਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਸਿੱਖ ਮਾਰਸ਼ਲ ਆਰਟਸ ਗਤਕਾ ਵੀ ਵਿਸ਼ਵ ਕਲਾਵਾਂ ਦੇ ਸੰਦਰਭ ਵਿੱਚ ਸ਼ਾਨਦਾਰ ਪੈੜਾਂ ਛੱਡ ਗਿਆ ਅਤੇ ਯੂਰਪੀਅਨ ਵਿਦਿਆਰਥੀਆਂ ਲਈ ਸਿੱਖ ਵਿਰਸੇ ਦੀ ਇਹ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਲਵਾਕੀਅਨ ਗਰੁੱਪ ਦੀ ਮੈਨੇਜ਼ਰ ਮੈਡਮ ਡਾਂਕਾ ਕਵਲਸ਼ੀਕੋਵਾ ਦਾ ਕਹਿਣਾ ਸੀ ਕਿ ਉਸਨੇ ਸਿੱਖ ਮਾਰਸ਼ਲ ਆਰਟਸ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੇਖਿਆ ਤੇ ਇਸ ਨੂੰ ਵੇਖ ਕੇ ਉਸਨੂੰ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਵਿਰਸਾ ਬੜਾ ਮਹਾਨ ਵਿਰਸਾ ਹੈ। ਫ਼ੈਸਟੀਵਲ ਡਾਇਰੈਕਟਰ ਡਾ. ਦਵਿੰਦਰ ਸਿੰਘ ਛੀਨਾ ਦੀ ਨਿਰਦੇਸ਼ਨਾ ਹੇਠ ਕਰਵਾਏ ਗਏ ਇਸ ਫ਼ੈਸਟੀਵਲ ਦੌਰਾਨ ਫ਼ੈਸਟੀਵਲ ਦੇ ਚੇਅਰਮੈਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਨੇ ਕਲਚਰਲ ਕੌਂਸਲ ਅਤੇ ਗਵਰਨਿੰਗ ਕੌਂਸਲ ਵੱਲੋਂ ਖ਼ਾਲਸਾ ਕਾਲਜ ਦੇ 9 ਸਾਬਕਾ ਵਿਦਿਆਰਥੀਆਂ ਜਿਨ੍ਹਾਂ ਨੇ ਆਰਟਸ, ਕਲਚਰ, ਐਜ਼ੂਕਸ਼ਨ, ਸਿੱਖ ਵਿਰਸੇ ਅਤੇ ਖੇਡਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ, ਨੂੰ ‘ਖ਼ਾਲਸਾ ਕਾਲਜ ਹੈਰੀਟੇਜ਼ ਐਵਾਰਡ-2014’ ਭੇਂਟ ਕਰਕੇ ਅਤੇ ਦੁਸ਼ਾਲੇ ਭੇਂਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਜਿਨ੍ਹਾਂ ਸਖਸ਼ੀਅਤਾਂ ਨੂੰ ਹੈਰੀਟੇਜ ਐਵਾਰਡ ਨਾਲ ਨਿਵਾਜਿਆ ਗਿਆ, ਉਨ੍ਹਾਂ ਵਿੱਚ ਸ: ਸੁਖਦੀਪ ਸਿੰਘ ਸਿੱਧੂ, ਸ: ਹਰਪ੍ਰੀਤ ਸਿੰਘ ਗਿੱਲ, ਸ: ਧਰਮਿੰਦਰ ਸਿੰਘ ਰਟੌਲ, ਪ੍ਰਿੰਸੀਪਲ ਕੇਵਲ ਸਿੰਘ ਰੰਧਾਵਾ, ਪ੍ਰੋਫ਼ੈਸਰ ਗੁਰਦੇਵ ਸਿੰਘ, ਇੰਟਰਨੈਸ਼ਨਲ ਐਥਲੀਟ ਬੀਬਾ ਨਵਜੀਤ ਕੌਰ ਢਿੱਲੋਂ, ਇੰਟਰ ਨੈਸ਼ਨਲ ਐਥਲੀਟ ਬੀਬੀ ਖੁਸ਼ਬੀਰ ਕੌਰ, ਸ: ਬਲਜਿੰਦਰ ਸਿੰਘ ਹਰੀਹਰ ਅਤੇ ਡਾ. ਸਰਬਜੀਤ ਕੌਰ ਸੋਹਲ ਦੇ ਨਾਂ ਵਰਨਣਯੋਗ ਹਨ।
ਬੀਬਾ ਜਹਾਨਗੀਤ ਕੌਰ ਚੰਡੀਗੜ੍ਹ ਨੇ ਫ਼ੈਸਟੀਵਲ ਦੇ ਆਰੰਭ ਵਿੱਚ ਢੋਲ ਬੀਟਸ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਯੂਰਪ ਤੋਂ ਆਏ ਅੰਤਰਰਾਸ਼ਟਰੀ ਆਰਟਿਸਟ ਬੇਹੱਦ ਪ੍ਰਭਾਵਿਤ ਹੋਏ। ਫ਼ਿਲਮ ਅਦਾਕਾਰਾ ਸਰਬਜੀਤ ਕੌਰ ਮਾਂਗਟ ਨੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫੈਸਟੀਵਲ ਨੂੰ ਵਿਸ਼ਵ ਸੱਭਿਆਚਾਰਾਂ ਦਾ ਵਰਲਡ ਕਲਾਸ ਸੰਗਮ ਕਰਾਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਜਿਨ੍ਹਾਂ ਹੋਰ ਅਹਿਮ ਸਖ਼ਸ਼ੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਜਸਵਿੰਦਰ ਸਿੰਘ ਵਾਲੀਆ (ਚੰਡੀਗੜ੍ਹ), ਕੈਪਟਨ ਮਨਮੋਹਨ ਸਿੰਘ ਭੁੱਲਰ (ਕੈਨੇਡਾ), ਸ: ਭੁਪਿੰਦਰ ਸਿੰਘ ਹਾਂਲੈਂਡ, ਸ: ਦਵਿੰਦਰ ਸਿੰਘ ਸੋਢੀ ਮੋਹਾਲੀ, ਬੀਬੀ ਜਹਾਨਗੀਤ ਕੌਰ ਚੰਡੀਗੜ੍ਹ, ਮੈਡਮ ਸਰਬਜੀਤ ਕੌਰ ਮਾਂਗਟ, ਸ: ਸਰਬਜੀਤ ਸਿੰਘ (ਅਧਿਕਾਰੀ ਬੈਂਕ ਆਫ਼ ਬੜੌਦਾ) ਆਦਿ ਦੇ ਨਾਂ ਵਰਨਣਯੋਗ ਹਨ। ਖ਼ਾਲਸਾ ਕਾਲਜ ਐਲੂਮਨੀ ਐਸੋਸੀਏਸ਼ਨ ਵੱਲੋਂ ਡਾ. ਸੁਖਦੇਵ ਸਿੰਘ (ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ), ਡਾ. ਸੋਹਲ, ਸ: ਹਰੀਹਰ, ਸ: ਰੰਧਾਵਾ, ਡਾ. ਛੀਨਾ ਆਦਿ ਨੇ ਮੁੱਖ ਮਹਿਮਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੱਕ ਹਰ ਵਰ੍ਹੇ ਖ਼ਾਲਸਾ ਪਰੇਡ-ਨਗਰ ਕੀਰਤਨ ਆਯੋਜਿਤ ਕਰਨ ਬਦਲੇ, ਬਾਬਾ ਬਿੱਧੀ ਚੰਦ ਦੀ ਯਾਦ ਵਿੱਚ ਵਿਰਾਸਤੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਕਲਚਰਲ ਕੌਂਸਲ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਮੇਲਾ ਇਸ ਕੜੀ ਵਿੱਚ ਆਯੋਜਿਤ ਹੋਣ ਵਾਲੇ ਮੇਲਿਆਂ ਵਿੱਚੋਂ ਚੌਥਾ ਸੀ, ਜਿਸ ਵਿੱਚ ਪਹਿਲਾਂ ਵੀ ਸਕਾਂਟਲੈਂਡ, ਹੰਗਰੀ ਅਤੇ ਐਕਵਾਡੋਰ ਤੋਂ ਆਏ ਹੋਏ ਕਲਾਕਾਰਾਂ ਨੇ ਖ਼ਾਲਸਾ ਕਾਲਜ ਵਿਖੇ ਆਪਣੀਆਂ ਪੇਸ਼ਕਾਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੈਕ ਅਤੇ ਸਲੋਵੇਕ ਕਲਾਕਾਰਾਂ ਨੂੰ ਅੰਮ੍ਰਿਤਸਰ ਵਿੱਚ ਆ ਕੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਨੂੰ ਵੇਖਣ ਅਤੇ ਪ੍ਰਰਖਣ ਦਾ ਇਹ ਪਹਿਲਾਂ ਮੌਕਾ ਸੀ। ਡਾ. ਛੀਨਾ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਫ਼ੈਸਟੀਵਲ ਦਾ ਮਕਸਦ ਖ਼ਾਲਸਾ ਕਾਲਜ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੀਆਂ ਕੌਮਾਂ ਅਤੇ ਸੱਭਿਆਚਾਰ ਤੱਕ ਪਹੁੰਚਾਉਣਾ ਹੈ ਅਤੇ ਵਿਸ਼ਵ ਸ਼ਾਂਤੀ, ਮਲਟੀਕਲਚਰਰਿਜ਼ਮ ਦਾ ਹੋਕਾ ਦੇਣਾ ਹੈ। ਸਲਵਾਕੀਅਨ ਮੁੰਡੇ-ਕੁੜੀਆਂ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਭੰਗੜਾ ਪਾ ਕੇ ਚਾਅ ਲਾਇਆ। ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਫ਼ੈਸਟੀਵਲ ਪ੍ਰਬੰਧਕ ਕਮੇਟੀ ਨੇ ਸਲਵਾਕੀਅਨ ਡੈਲੀਗੇਸ਼ਨ ਦੇ ਮੈਨੇਜਰ ਮੈਡਮ ਡਾਂਕਾ ਅਤੇ ਚੈਕ ਰਿਪਬਲਿਕ ਗਰੁੱਪ ਦੀ ਡਾਇਰੈਕਟਰ ਮੈਡਮ ਹਾਨਾ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੀਆਂ ਸੁੰਦਰ ਤਸਵੀਰਾਂ ਅਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਜੋ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਤੇ ਸੱਭਿਆਚਾਰਾਂ ਨੂੰ ਇਕ ਸਟੇਜ ‘ਤੇ ਲਿਆਉਣ ਦਾ ਹੀਲਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਇਕ ਪਿੰਡ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆ ਰਹੀ ਹੈ, ਜਿਸ ਵਿੱਚ ਇਕ-ਦੂਜੇ ਦੇ ਸੱਭਿਆਚਾਰਾਂ ਨੂੰ ਸਮਝਣਾ ਅਤਿ ਜਰੂਰੀ ਹੁੰਦਾ ਹੈ। ਇਸ ਮੌਕੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ ਨੇ ਖਾਸ ਤੌਰ ‘ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੁਆਇੰਟ ਸਕੱਤਰ ਸ: ਹਰਮਿੰਦਰ ਸਿੰਘ, ਮੈਂਬਰ ਸ: ਅਨੂਪ ਸਿੰਘ, ਐੱਸ. ਐੱਸ. ਸੇਠੀ, ਜੀ. ਐੱਸ. ਭੱਟੀ, ਪ੍ਰਿੰ: ਧਰਮਵੀਰ ਸਿੰਘ ਸਮੂੰਹ ਕਾਲਜ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media