ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਪਿੰਡ ਗੰਢੂਆਂ ਅਤੇ
ਸੰਗਤਪੁਰਾ ਵਿਖੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਪੰਜ਼-ਪੰਜ਼ ਮਰਲੇ ਦੇ ਪਲਾਟ ਅਲਾਟ ਕਰਵਾਉਣ ਲਈ ਵੱਡੀ ਗਿਣਤੀ ‘ਚ ਲੋਕਾਂ ਦੀ ਹਾਜ਼ਰੀ ਵਿੱਚ ਨਾਂਵਾਂ ਦੀਆਂ ਲਿਸਟਾਂ ਪਿੰਡ ਦੇ ਸਰਪੰਚ ਨੂੰ ਸੌਂਪੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਸੱਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੰਘਰਸ਼ ਸਦਕਾ ਪਿਛਲੀ 24-9-21 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਲੋੜਵੰਦਾਂ ਲਈ ਪੰਜ਼-ਪੰਜ਼ ਮਰਲੇ ਦੇ ਪਲਾਟ ਅਲਾਟ ਕਰਨ ਸਬੰਧੀ ਪੰਚਾਇਤ ਵਿਭਾਗ ਦੇ ਡਾਇਰੈਕਟਰ ਰਾਹੀਂ ਚਿੱਠੀਆਂ ਭੇਜੀਆਂ ਗਈਆਂ ਸਨ।ਅੱਜ ਤੱਕ ਉਨ੍ਹਾਂ ਚਿੱਠੀਆਂ `ਤੇ ਪੰਜਾਬ ਵਿੱਚ ਵੱਡੀ ਗਿਣਤੀ ‘ਚ ਪੰਚਾਇਤਾਂ ਵਲੋਂ ਵਿਸਥਾਰ ‘ਚ ਅਮਲ ਨਹੀਂ ਕੀਤਾ ਗਿਆ।ਸਿਰਫ਼ ਪੰਜ ਚਾਰ ਘਰਾਂ ਦੇ ਮਤੇ ਪਾ ਕੇ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ।ਦੂਜੇ ਪਾਸੇ ਪਿੰਡ ਦੇ ਧਨਾਢ ਚੌਧਰੀਆਂ ਨੇ ਪਿੰਡਾਂ ਦੀਆਂ ਸਾਂਝੀਆਂ ਸ਼ਾਮਲਾਟ ਪੰਚਾਇਤੀ ਥਾਵਾਂ `ਤੇ ਵੱਡੇ ਪੱਧਰ `ਤੇ ਕਬਜ਼ੇ ਕੀਤੇ ਹੋਏ ਹਨ।ਮੌਜ਼ੂਦਾ ਪੰਚਾਇਤਾਂ ਉਨ੍ਹਾਂ ਦੇ ਦਬਾਅ ਸਦਕਾ ਗ਼ਰੀਬ ਅਤੇ ਲੋੜਵੰਦਾਂ ਦੇ ਹੱਕ ਵਿੱਚ ਮਤੇ ਪਾਉਣ ਨੂੰ ਤਿਆਰ ਨਹੀਂ ਹਨ।ਇਸ ਕਰਕੇ ਸਰਕਾਰੀ ਹੁਕਮ ਹੋਣ ਦੇ ਬਾਵਜ਼ੂਦ ਵੀ ਪਿੰਡਾਂ ਦੇ ਮਜ਼ਦੂਰ ਭੀੜੇ ਅਤੇ ਤੰਗ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹਨ।ਜਿਥੇ ੳਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਤਰਸਯੋਗ ਬਣੀ ਹੋਈ ਹੈ।ਘਰੇਲੂ ਕਿੱਤੇ ਦੇ ਤੌਰ `ਤੇ ਤੰਗ ਘਰਾਂ ਅੰਦਰ ਉਹ ਪਸ਼ੂ ਪਾਲਣ ਦੇ ਵੀ ਮੁਥਾਜ ਹਨ।ਲੋੜ ਮੁਤਾਬਕ ਘਰਾਂ `ਚ ਥਾਂ ਦੀ ਤੰਗੀ ਹੋਣ ਕਰਕੇ ਨੌਜਵਾਨ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੋ ਰਹੇ ਅਤੇ ਰੁਜ਼ਗਾਰ ਨਾ ਹੋਣ ਦੀ ਸੂਰਤ ਵਿੱਚ ਮਜ਼ਦੂਰ ਘਰਾਂ ਅੰਦਰ ਫਾਕੇ ਕੱਟਣ ਲਈ ਮਜ਼ਬੂਰ ਹਨ।ਜਿਸ ਕਰਕੇ ਆਏ ਦਿਨ ਮਜ਼ਦੂਰ ਪਰਿਵਾਰਾਂ ਦਾ ਸਰਕਾਰ ਪ੍ਰਤੀ ਗੁੱਸਾ ਵਧ ਰਿਹਾ ਹੈ।ਇਸ ਲਈ 29 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਵੱਡੀ ਗਿਣਤੀ ‘ਚ ਮਜ਼ਦੂਰ ਪਰਿਵਾਰਾਂ ਸਮੇਤ ਰੈਲੀ ਵਿੱਚ ਸ਼ਾਮਲ ਹੋਣਗੇ ਅਤੇ ਆਪਣੀਆਂ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਦਾ ਸੰਘਰਸ਼ ਤੇਜ਼ ਕਰਨਗੇ।
ਇਸ ਮੌਕੇ ਭੋਲਾ ਸਿੰਘ, ਜੰਗੀਰ ਸਿੰਘ, ਸੁਖਚੈਨ ਸਿੰਘ, ਚਾਨਣ ਸਿੰਘ, ਸੁੰਦਰੀ ਰਾਣੀ, ਜਸਪਾਲ ਕੌਰ (ਸਾਰੇ ਗੰਢੂਆਂ) ਅਤੇ ਨਾਜ਼ਰ ਸਿੰਘ, ਰਲਾ ਸਿੰਘ, ਮਿੱਠੂ ਸਿੰਘ, ਕਰਨੈਲ ਸਿੰਘ, ਰਾਣੀ ਕੌਰ (ਸਾਰੇ ਸੰਗਤਪੁਰਾ) ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media