Wednesday, April 1, 2026

ਵਧੀਕ ਮੁੱਖ ਚੋਣ ਅਫ਼ਸਰ ਅਮਿਤ ਕੁਮਾਰ ਵਲੋਂ ਵਿਧਾਨ ਸਭਾ ਚੋਣਾਂ ਦੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ

ਨਵਾਂਸ਼ਹਿਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਧੀਕ ਮੁੱਖ ਚੋਣ ਅਫ਼ਸਰ ਅਮਿਤ ਕੁਮਾਰ ਨੇ ਅੱਜ ਜ਼ਿਲ੍ਹੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਅਤੇ ਐਸ.ਐਸ.ਪੀ ਕੰਵਰਦੀਪ ਕੌਰ ਦੀ ਮੌਜ਼ੂਦਗੀ ਵਿਚ ਇਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ।ਉਨ੍ਹਾਂ ਅਧਿਕਾਰੀਆਂ ਨੂੰ ਚੋਣਾਂ ਲਈ ਹੁਣ ਤੋਂ ਹੀ ਕਮਰ ਕੱਸਣ ਦੀ ਹਦਾਇਤ ਕਰਦਿਆਂ ਕਿਹਾ ਕਿ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ।ਇਸ ਦੌਰਾਨ ਉਨ੍ਹਾਂ ਪੋਲਿੰਗ ਸਟੇਸ਼ਨਾਂ, ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਚੋਣ ਅਮਲੇ, ਵੋਟਿੰਗ ਮਸ਼ੀਨਾਂ, ਸੁਰੱਖਿਆ ਇੰਤਜਾਮਾਂ, ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ, ਵੋਟਰ ਰਜਿਸਟ੍ਰੇਸ਼ਨ, ਵੋਟਰ ਹੈਲਪ ਲਾਈਨ, ਲਾਇਸੰਸੀ ਹਥਿਆਰਾਂ ਦੀ ਸਥਿਤੀ, ਸਵੀਪ, ਐਫ.ਆਈ.ਆਰ ਅਤੇ ਚੋਣਾਂ ਨਾਲ ਸਬੰਧਤ ਵੱਖ-ਵੱਖ ਰਿਪੋਰਟਾਂ ਆਦਿ ਦੀ ਸਮੀਖਿਆ ਕੀਤੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
              ਉਨ੍ਹਾਂ ਹਦਾਇਤ ਕੀਤੀ ਕਿ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਨੌਜਵਾਨ ਵੋਟਰਾਂ ਨੂੰ ਵੱਧ ਤੋਂ ਵੱਧ ਰਜਿਸਟਰਡ ਕੀਤਾ ਜਾਵੇ ਤਾਂ ਜੋ ਚੋਣਾਂ ਵਿਚ ਨੌਜਵਾਨ ਵੋਟਰ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਅ ਸਕਣ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੋਟ ਬਣਵਾਉਣ, ਵੋਟ ਪਾਉਣ ਅਤੇ ਨਤੀਜੇ ਤੱਕ ਦੀ ਸਾਰੀ ਪ੍ਰਕਿਰਿਆ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਉਨ੍ਹਾਂ ਹਦਾਇਤ ਕੀਤੀ ਕਿ ਸਮੂਹ ਬੀ.ਐਲ.ਓ ਦੁਆਰਾ ਭਾਰਤੀ ਚੋਣ ਕਮਿਸ਼ਨ ਨਾਲ ਸਬੰਧਤ ਜ਼ਰੂਰੀ ਐਪਲੀਕੇਸ਼ਨਜ਼ ਮੋਬਾਇਲ ਫੋਨ ’ਤੇ ਡਾਊਨਲੋਡ ਕੀਤੀਆਂ ਜਾਣ, ਤਾਂ ਜੋ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਤੁਰੰਤ ਮਿਲ ਸਕੇ।ਉਨ੍ਹਾਂ ਸਮੂਹ ਆਰ.ਓਜ਼ ਨੂੰ ਕਿਹਾ ਕਿ ਉਹ ਭਾਰਤੀ ਚੋਣ ਕਮਿਸ਼ਨ ਦੀ ਹੈਂਡ ਬੁੱਕ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਇਸ ਵਿਚ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ।
             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ.ਡੀ.ਐਮ ਬੰਗਾ ਵਿਰਾਜ ਤਿੜਕੇ, ਐਸ.ਡੀ.ਐਮ ਬਲਾਚੌਰ ਦੀਪਕ ਰੁਹੇਲਾ, ਐਸ.ਪੀ (ਸਥਾਨਿਕ) ਮਨਵਿੰਦਰ ਬੀਰ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਤਹਿਸੀਲਦਾਰ ਬੰਗਾ ਕੁਲਵੰਤ ਸਿੰਘ ਸਿੱਧੂ, ਚੋਣ ਕਾਨੂੰਗੋ ਦਲਜੀਤ ਸਿੰਘ ਅਤੇ ਪਲਵਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …