Wednesday, April 1, 2026

ਡੀ.ਐਲ.ਐਸ.ਏ ਦੀ ਬਦੌਲਤ ਪਰਿਵਾਰ ਨੂੰ ਮਿਲਿਆ ਲਾਪਤਾ ਵਿਅਕਤੀ

ਨਵਾਂਸ਼ਹਿਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਿੰਡ ਘੱਕੇਵਾਲ ਦਾ ਨਿਵਾਸੀ ਮਜ਼ਦੂਰ ਸੁਰੇਸ਼ ਕੁਮਾਰ ਪੁੱਤਰ ਦਰਸ਼ਨ ਲਾਲ ਮਿਤੀ 06/12/2020 ਤੋਂ ਘਰੋਂ ਕੰਮ ‘ਤੇ ਗਿਆ ਵਾਪਸ ਨਹੀਂ ਪਰਤਿਆ।ਇਸ ਸਬੰਧੀ ਉਸ ਦੀ ਪਤਨੀ ਗੀਤਾ ਰਾਣੀ ਵਲੋਂ ਪੁਲਿਸ ਥਾਣਾ ਰਾਹੋਂ ਵਿਖੇ ਮਿਤੀ 07/12/2020 ਨੂੰ ਦਰਖਾਸਤ ਦਿੱਤੀ ਗਈ ਸੀ।ਉਸ ਦੀ ਭਾਲ ਜਾਰੀ ਰਹੀ, ਪਰ ਉਹ ਨਾ ਮਿਲਿਆ।ਉਸ ਦੀ ਪਤਨੀ ਗੀਤਾ ਰਾਣੀ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ ਨਗਰ ਦੇ ਲੀਗਲ ਏਡ ਕਲੀਨਿਕ ਪਿੰਡ ਕੋਟ ਰਾਂਝਾ ਵਿਖੇ ਮਦਦ ਦੀ ਗੁਹਾਰ ਲਗਾਈ।ਇਹ ਮਾਮਲਾ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਕੰਵਲਜੀਤ ਸਿੰਘ ਬਾਜਵਾ ਅਤੇ ਮਾਣਯੋਗ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸੈਕਰੇਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ।ਅਥਾਰਟੀ ਦੇ ਯਤਨਾਂ ਸਦਕਾ ਰਿਪੋਰਟ ਗੁੰਮਸ਼ੁਦਗੀ ਰਪਟ ਨੰ.-17 ਮਿਤੀ 11/03/2021 ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ਼ ਕੀਤੀ ਗਈ ਅਤੇ ਉਸ ਦੀ ਭਾਲ ਲਈ ਲਗਾਤਾਰ ਉਪਰਾਲੇ ਜਾਰੀ ਰੱਖੇ ਗਏ।ਗੁੰਮਸ਼ੁਦਾ ਵਿਅਕਤੀ ਦੀਆਂ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ।ਇਸ ਪਰਿਵਾਰ ਦੇ ਹਾਲਾਤ ਕਮਾਊ ਪਰਿਵਾਰਕ ਮੁੱਖੀ ਦੇ ਲਾਪਤਾ ਹੋਣ ਤੋਂ ਬਾਅਦ ਬਹੁਤ ਬਦਤਰ ਹੋ ਗਏ।ਫਿਰ ਇਸ ਪਰਿਵਾਰ ਵਲੋਂ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਰਸੋਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਜ਼ਾਰਾ ਨੌ-ਆਬਾਦ ਦੇ ਲੰਗਰਾਂ ਦਾ ਓਟ ਆਸਰਾ ਲਿਆ ਗਿਆ।
                 ਆਖਿਰ ਕਰੀਬ 10 ਮਹੀਨੇ ਬਾਅਦ ਪਤਾ ਚੱਲਿਆ ਕਿ ਸੁਰੇਸ਼ ਕੁਮਾਰ ਲੁਧਿਆਣਾ ਵਿਖੇ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿੱਚ ਇੱਧਰ-ਉਧਰ ਰਹਿ ਰਿਹਾ ਹੈ।ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਵਲੋਂ ਕਈ ਹੋਰ ਸਖਸ਼ੀਅਤਾਂ ਦੀ ਮਦਦ ਨਾਲ ਕਾਫੀ ਮਿਹਨਤ ਮੁਸ਼ੱਕਤ ਤੋਂ ਬਾਅਦ ਮਿਤੀ 24/10/2021 ਨੂੰ ਇਸ ਲਾਪਤਾ ਵਿਅਕਤੀ ਨੂੰ ਲਿਆ ਕੇ ਪਰਿਵਾਰ ਨਾਲ ਮਿਲਾਇਆ ਗਿਆ ਅਤੇ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਪਹੁੰਚ ਕਰਕੇ ਇਸ ਦੀ ਗੁੰਮਸ਼ੁਦਗੀ ਰਿਪੋਰਟ ਖਾਰਿਜ਼ ਕਰਵਾਈ ਗਈ।
                    ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹੇ ਸੁਰੇਸ਼ ਕੁਮਾਰ ਦੀ ਹਾਲਤ ਹੁਣ ਆਮ ਵਾਂਗ ਹੈ।ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ 2 ਲੜਕੇ ਲਾਪਤਾ ਹੋਏ ਪਰਿਵਾਰ ਮੁਖੀ ਦੇ ਮਿਲ ਜਾਣ ਕਾਰਨ ਬਹੁਤ ਖੁਸ਼ ਹਨ।ਉਹਨਾਂ ਨੇ ਆਪਣੇ ਪਰਿਵਾਰ ਦਾ ਵਿਛੜਿਆ ਹੋਇਆ ਮੈਂਬਰ ਮਿਲਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ. ਨਗਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …