ਪੰਜਾਬ ਦੀ ਵਰਤਮਾਨ ਸਥਿਤੀ ਬਦਲਣ ਲਈ ਨੌਜਵਾਨਾਂ ‘ਚ ਚੇਤਨਾ ਅਤੇ ਨੈਤਿਕਤਾ ਜਰੂਰੀ- ਗਰੇਵਾਲ
ਅੰਮ੍ਰਿਤਸਰ, 3 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਨੇ ਵਰਤਮਾਨ ਸਮਾਜਕ ਸਥਿਤੀ ਪ੍ਰਤੀ ਚਿੰਤਤ-ਮਨਨ ਕਰਨ ਲਈ ਵਿਦਵਾਨਾਂ ਨੂੰ ਇਕ ਸਟੇਜ਼ ਪ੍ਰਦਾਨ
ਕਰਦਿਆਂ ’ਸੰਵਾਦ-ਏ-ਪੰਜਾਬ :ਪੰਜਾਬ ਦੇ ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ’ ਵਿਸ਼ੇ ਅਧੀਨ ਇਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਜਿਸ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਰਨੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ, ਜਦਕਿ ਕੁੰਜੀਵਤ ਭਾਸ਼ਣ ਉਘੇ ਵਿਦਵਾਨ ਅਮਰਜੀਤ ਸਿੰਘ ਗਰੇਵਾਲ ਨੇ ਦਿੱਤਾ।
ਛੀਨਾ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਪੰਜਾਬੀ ਵਿਭਾਗ ਨੇ ਅੱਜ ਦੇ ਸਮੇਂ ਦੇ ਬਹੁਤ ਜਰੂਰੀ ਵਿਸ਼ੇ ‘ਤੇ ਸੈਮੀਨਾਰ ਰੱਖਿਆ ਹੈ।ਉਨ੍ਹਾਂ ਕਿਹਾ ਕਿ ਕਾਲਜ ਨੂੰ ਸਮਾਜ ਉਸਾਰੀ ਦੇ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਕਾਲਜ ਦੀਆਂ ਪ੍ਰੰਪਰਾਵਾਂ ਅਨੁਸਾਰ ਸੈਮੀਨਾਰ ਦੀ ਸ਼ੁਰੂਆਤ ‘ਕਾਲਜ ਸ਼ਬਦ’ ਨਾਲ ਕੀਤੀ ਗਈ।ਜਿਸ ਨੂੰ ਸੰਗੀਤ ਵਿਭਾਗ ਦੇ ਪ੍ਰੋਫੈਸਰ ਜਤਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਰਵਣ ਕਰਾਇਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚੋਂ ਨਿਰਾਸ਼ ਹੋ ਕੇ ਬਾਹਰ ਜਾ ਰਹੀ ਜਵਾਨੀ ਨੂੰ ਰੋਕਣ ਲਈ ਅਜਿਹੇ ਸੈਮੀਨਾਰਾਂ ਦੀ ਜਰੂਰਤ ਹੈ ਤਾਂ ਜੋ ਪੰਜਾਬ ਦਾ ਮਾਹੌਲ ਬਦਲਿਆ ਜਾਵੇ।
ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੰਜਾਬ ਇਸ ਸਮੇਂ ਵੱਡੀਆਂ ਤਬਦੀਲੀਆਂ ਦੇ ਮੋੜ ਤੇ ਹੈ ਜੇਕਰ ਸਿਆਣੇ ਲੋਕ ਇਕੱਠੇ ਹੋ ਕੇ ਇਸ ਸਥਿਤੀ ਨੂੰ ਕੋਈ ਚੰਗਾ ਮੋੜ ਦੇ ਲੈਣ ਤਾਂ ਪੰਜਾਬ ਦਾ ਭਵਿੱਖ ਫਿਰ ਤੋਂ ਸੁਨਹਿਰੀ ਹੋ ਸਕਦਾ ਹੈ ਨਹੀਂ ਤਾਂ ਬਰਬਾਦੀ ਤਾਂ ਹਰ ਦਿਨ ਵਧ ਹੀ ਰਹੀ ਹੈ ਜਿਸ ਦੇ ਜੁਮੇਵਾਰ ਅਸੀਂ ਸਭ ਹਾਂ।ਉਨ੍ਹਾਂ ਕਿਹਾ ਕਿ ਗਿਆਨ ਗੋਸ਼ਟਿ ਅਤੇ ਵਿਚਾਰ-ਚਰਚਾ ਪੰਜਾਬੀਆਂ ਦੀ ਅਮੀਰ ਪ੍ਰੰਪਰਾ ਰਹੀ ਹੈ।
ਸੈਮੀਨਾਰ ਦੇ ਮੁੱਖ ਵਕਤਾ ਅਮਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੀ ਵਰਤਮਾਨ ਤ੍ਰਾਸਦਿਕ ਸਥਿਤੀ ਬਣਨ ਦਾ ਇਤਿਹਾਸਕ ਵੇਰਵਾ ਦਿੰਦਿਆਂ ਕਿਹਾ ਕਿ ਇਹ ਵੱਖ-ਵੱਖ ਸਰਕਾਰਾਂ ਦੀਆਂ ਲਗਾਤਾਰ ਮਾੜੀਆਂ ਨੀਤੀਆਂ ਕਰਕੇ ਵਾਪਰਿਆ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਹਾਲਤ ਬਦਲਣ ਲਈ ਨੌਜਵਾਨਾਂ ਵਿਚ ਵਿੱਦਿਆ ਰਾਹੀਂ ਚੇਤਨਾ, ’ਚੜਦੀ ਕਲਾ’ ਅਤੇ ’ਸਰਬਤ ਦੇ ਭਲੇ’ ਵਾਲੀ ਨੈਤਿਕਤਾ ਦੀ ਪੁਨਰ ਸਿਰਜਣਾ ਬਹੁਤ ਜਰੂਰੀ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹਰੀ ਕ੍ਰਾਂਤੀ ਦਾ ਦੂਰਾ ਪੜਾਅ ਸ਼ੁਰੂ ਕਰਨਾ ਚਾਹੀਦਾ ਹੈ ਜਿਸ ਲਈ ਉਹਨਾਂ ਨੇ ਵਿਸਥਾਰਿਤ ਰੋਡ ਮੈਪ ਸਰੋਤਿਆਂ ਨਾਲ ਸਾਂਝਾ ਕੀਤਾ।
ਇਸ ਸੈਮੀਨਾਰ ਦੇ ਦੂਸਰੇ ਅਕਾਦਮਿਕ ਸੈਸ਼ਨ ਵਿਚ ਡਾ. ਰਜਿੰਦਰਪਾਲ ਸਿੰਘ ਬਰਾੜ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਦੇ ਸਮਾਜ ਸਭਿਆਚਾਰਕ ਪੱਖ ਬਾਰੇ, ਡਾ. ਜਗਰੂਪ ਸਿੰਘ ਸੇਖੋਂ ਕੋਆਰਡੀਨੇਟਰ ਸਿਵਲ ਸੇਵਾਵਾਂ ਖਾਲਸਾ ਕਾਲਜ ਨੇ ਸਮਕਾਲੀ ਪੰਜਾਬ ਦੀ ਰਾਜਨੀਤੀ, ਡਾ. ਸੁਰਜੀਤ ਸਿੰਘ, ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਸਰਕਾਰਾਂ ਦਾ ਪੰਜਾਬੀ ਭਾਸ਼ਾ ਪ੍ਰਤੀ ਵਤੀਰਾ ਅਤੇ ਡਾ. ਮਨਮੋਹਨ ਸਿੰਘ ਸਪੈਸ਼ਲ ਡਾਇਰੈਕਟਰ ਇੰਟੈਲੀਜੈਂਸ ਬਿਊਰੋ, ਭਾਰਤ ਸਰਕਾਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਰੋਕਾਰ ਵਿਸ਼ੇ ‘ਤੇ ਆਪੋ ਆਪਣੇ ਖੋਜ-ਪੱਤਰ ਪੇਸ਼ ਕੀਤੇ।ਸੈਸ਼ਨ ਦੀ ਪ੍ਰਧਾਨਗੀ ਡਾ. ਗਿਆਨ ਸਿੰਘ, ਸਾਬਕਾ ਪ੍ਰੋਫੈਸਰ ਇਕਨਾਮਿਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ।ਉਹਨਾਂ ਨੇ ਕਿਹਾ ਕਿ ਆਰਥਿਕਤਾ ਕਿਸੇ ਵੀ ਸਮਾਜ ਦੀ ਨੀਂਹ ਹੁੰਦੀ ਹੈ ਅਤੇ ਪੰਜਾਬ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਲਈ ਇਸ ਦੇ ਆਰਥਿਕ ਸਰੋਤ ਬਦਲਣੇ ਪੈਣਗੇ।ਹਾਜ਼ਰ ਸਰੋਤਿਆਂ ਵਲੋਂ ਪੇਪਰ ਪੜਨ ਵਾਲੇ ਵਿਦਵਾਨਾਂ ਨਾਲ ਸੰਵਾਦ ਵੀ ਰਚਾਇਆ ਜਿਸ ਨੂੰ ਵਿਦਿਆਰਥੀਆਂ ਨੇ ਬਹੁਤ ਪਸੰਦ ਕੀਤਾ।ਸੈਮੀਨਾਰ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ।
ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਓ.ਐਸ.ਡੀ ਮੈਡਮ ਸੁਖਮੀਨ ਬੇਦੀ ਵੱਖ-ਵੱਖ ਵਿਭਾਗਾਂ ਦੇ ਮੁਖੀ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ ਥਿੰਦ, ਡਾ. ਗੁਰਸ਼ਿੰਦਰ ਕੌਰ, ਡਾ. ਰਜਨੀਸ਼ ਕੌਰ, ਡਾ. ਚਿਰਜੀਵਨ ਕੌਰ, ਡਾ. ਨਵਜੋਤ ਕੌਰ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
Punjab Post Daily Online Newspaper & Print Media