17 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ- ਬੀਬੀ ਜਗੀਰ ਕੌਰ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ
ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਲਈ ਸ਼੍ਰੋਮਣੀ ਕਮੇਟੀ ਵੱਲੋਂ 14 ਅਤੇ 15 ਨਵੰਬਰ ਨੂੰ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਸ਼੍ਰੋਮਣੀ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਵਿਖੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲੱਗੇਗਾ।ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ 17 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਵੇਗਾ, ਜੋ 26 ਨਵੰਬਰ ਨੂੰ ਵਾਪਸ ਦੇਸ਼ ਪਰਤੇਗਾ।ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 19 ਨਵੰਬਰ ਨੂੰ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਦੇਸ਼ ਵਿਦੇਸ਼ ਵਿਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਪਾਕਿਸਤਾਨ ਦੇ ਗੁਰਧਾਮਾਂ ਲਈ 17 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ ਕੀਤਾ ਜਾਵੇਗਾ।ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਟੀਕਾਕਰਣ ਦੇ ਨਾਲ-ਨਾਲ ਕੋਰੋਨਾ ਦੀ 72 ਘੰਟੇ ਪਹਿਲਾਂ ਦੀ ਰਿਪੋਰਟ ਲਾਜ਼ਮੀ ਹੈ।ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਦਾ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕੋਰੋਨਾ ਟੈਸਟ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ 14 ਅਤੇ 15 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਤੱਕ ਇਹ ਕੈਂਪ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂਆਂ ਨੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜ਼ਾ ਅਪਲਾਈ ਕੀਤਾ ਹੈ, ਉਹ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਇਸ ਕੈਂਪ ਵਿਚ ਪੁੱਜਣ।ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਸ਼ਰਧਾਲੂ ਆਪਣੇ ਤੌਰ ’ਤੇ ਕੋਰੋਨਾ ਟੈਸਟ ਕਰਵਾਉਣਾ ਚਾਹੁੰਦੇ ਹਨ, ਉਹ 17 ਨਵੰਬਰ ਨੂੰ ਪਾਕਿਸਤਾਨ ਰਵਾਨਾ ਹੋਣ ਤੋਂ 72 ਘੰਟੇ ਪਹਿਲਾਂ ਦੀ ਰਿਪੋਰਟ ਲੈ ਕੇ ਆਉਣ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media