125 ਗਜ਼ ਤੋਂ ਵੱਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਦਰ ਘਟਾ ਕੇ ਕੀਤੀ 50 ਰੁਪਏ ਪ੍ਰਤੀ ਮਹੀਨਾ
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) – ਪਿਛਲੇ ਦਿਨੀਂ ਸੂਬੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਵਲੋਂ ਪੇਂਡੂ ਜਲ ਸਪਲਾਈ
ਸਕੀਮਾਂ ਲਈ 1 ਅਕਤੂਬਰ 2021ਤੋਂ ਮੁਫਤ ਬਿਜਲੀ ਮੁਹੱਈਆ ਕਰਵਾਉਣ ਅਤੇ ਸ਼ਹਿਰੀ ਇਲਾਕਿਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਵਿੱਚ 125 ਗਜ਼ ਤੋਂ ਵੱਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੀ ਵਰਤੋਂ ਦਰ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਹੈ।ਜਿਸ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ‘ਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਚਲਾਈ ਜਾ ਰਹੀ ਸਕੀਮ ਤਹਿਤ ਕਰੀਬ 2 ਲੱਖ 114 ਹਜ਼ਾਰ 712 ਘਰਾਂ ਨੂੰ ਲਾਭ ਪੁੱਜੇਗਾ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦਿੰਦਿਆਂ ਕਿਹਾ ਕਿ ਮੌਜ਼ੂਦਾ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।ਜਲ ਸਪਲਾਈ ਦੀਆਂ ਦਰਾਂ ਘਟਾ ਕੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਦਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੇ ਲਏ ਫੈਸਲਿਆਂ ਨੂੰ ਅਮਲੀ ਰੈਪ ਦੇਣ ਲਈ ਜਿਲ੍ਹਾ ਪ੍ਰਸ਼ਾਸ਼ਨ ਉਪਰਾਲੇ ਕਰ ਰਿਹਾ ਹੈ।ਮੰਤਰੀ ਮੰਡਲ ਵਲੋਂ ਪੇਂਡੂ ਜਲ ਸਕੀਮਾਂ ਦੀਆਂ ਸੇਵਾ ਦਰਾਂ ਵਿੱਚ 70 ਫੀਸਦੀ ਕਟੌਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਜਿਸ ਨਾਲ ਪਿੰਡਾਂ ਵਿੱਚ ਹਰੇਕ ਘਰ ਲਈ ਇਹ ਦਰ ਪ੍ਰਤੀ ਮਹੀਨਾ 166 ਰੁਪਏ ਤੋਂ ਘਟਾ ਕੇ 50 ਰੁਪਏ ਹੋ ਜਾਵੇਗੀ।ਪਿੰਡਾਂ ਵਿੱਚ ਗ੍ਰਾਮ ਪੰਚਾਇਤ ਅਤੇ ਜਲ ਸਪਲਾਈ ਅਤੇ ਸੈਨੀਟੇਸਨ ਕਮੇਟੀਆਂ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਖੁੱਲ੍ਹੀ ਛੋਟ ਦਿੱਤੀ ਕਿ ਉਹ ਇਸ ਤਰਜ਼ ‘ਤੇ ਕਾਰਵਾਈ ਕਰ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਸ਼ਹਿਰੀ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ।ਜਿਸ ਤਹਿਤ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਵਿੱਚ 125 ਗਜ਼ ਤੋਂ ਵਧ ਦੇ ਪਲਾਟ ਵਾਲੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੀ ਵਰਤੋਂ ਦਰ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ।ਜਿਕਰਯੋਗ ਹੈ ਕਿ ਸ਼ਹਿਰੀ ਇਲਾਕਿਆਂ ਵਿਚ 125 ਗਜ਼ ਤੱਕ ਦੇ ਪਲਾਟ ਵਾਲਿਆਂ ਨੂੰ ਪਾਣੀ ਅਤੇ ਸੀਵਰੇਜ਼ ਦੀਆਂ ਦਰਾਂ ਦੀ ਅਦਾਇਗੀ ਕਰਨ ਤੋਂ ਪਹਿਲਾਂ ਹੀ ਛੋਟ ਦੇ ਕੇ ਰਾਹਤ ਦਿੱਤੀ ਗਈ ਸੀ।
Punjab Post Daily Online Newspaper & Print Media