Wednesday, February 25, 2026

ਜਲੌਅਖਾਨੇ ਵਿਖੇ ਕੈਂਪ ਦੇ ਪਹਿਲੇ ਦਿਨ 200 ਤੋਂ ਜਿਆਦਾ ਕਿਰਤੀਆਂ ਦੀ ਰਜਿਸਟ੍ਰੇਸ਼ਨ

ਜਨ ਪ੍ਰਤੀਨਿਧੀ ਤੇ ਸਰਕਾਰੀ ਅਧਿਕਾਰੀ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ -ਰਾਣਾ ਗੁਰਜੀਤ

ਕਪੂਰਥਲਾ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਸਮਾਜ ਵਿਚ ਚੁਣੇ ਹੋਏ ਪ੍ਰਤੀਨਿਧੀ ਤੇ ਸਰਕਾਰੀ ਅਧਿਕਾਰੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਲੋੜਵੰਦ ਤੱਕ ਪੁੱਜਦਾ ਕਰਨਾ ਯਕੀਨੀ ਬਣਾਉਣ।
                ਸ਼ਹਿਰ ਦੇ ਜਲੌਅਖਾਨੇ ਵਿਖੇ ਪੰਜਾਬ ਬਿਲਡਿੰਗ ਐਂਡ ਅਦਰ ਵਰਕਰਜ਼ ਕੰਸਟਰਕਸ਼ਨ ਬੋਰਡ ਵਲੋਂ ਉਸਾਰੀ ਕਿਰਤੀਆਂ, ਮਜ਼ਦੂਰਾਂ, ਇਲੈਕਟ੍ਰੀਸ਼ਨਾਂ, ਪਲੰਬਰਾਂ ਆਦਿ ਦੀ ਰਜਿਸਟ੍ਰੇਸ਼ਨ ਲਈ ਲਗਾਏ ਕੈਂਪ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰੀਬ ਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਦੇਣ ਵਲ ਸਭ ਤੋਂ ਵੱਧ ਤਵੱਜੋਂ ਦਿੱਤੀ ਜਾ ਰਹੀ ਹੈ।
                   ਉਨਾਂ ਕਿਹਾ ਕਿ ਪਹਿਲੀ ਵਾਰ ਬੀਤੇ ਦਿਵਾਲੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਵਲੋਂ ਹਰ ਰਜਿਸਟਰਡ ਕਿਰਤੀ ਨੂੰ ਤੋਹਫੇ ਵਜੋਂ 3100 ਰੁਪੈ ਦਿੱਤੇ ਗਏ, ਜਿਸ ਉਪਰ ਕੁੱਲ 400 ਕਰੋੜ ਰੁਪੈ ਖਰਚ ਹੋਏ।
              ਉਨ੍ਹਾਂ ਕਿਹਾ ਕਿ ‘ਅੱਜ ਹਰ ਆਮ ਵਿਅਕਤੀ ਨੂੰ ਇਹ ਮਹਿਸੂਸ ਹੋ ਰਿਹਾ ਹੈ, ਪੰਜਾਬ ਸਰਕਾਰ ਉਸ ਦੀ ਆਪਣੀ ਹੈ, ਜਿਸ ਵਿਚ ਉਸ ਦੇ ਮਸਲਿਆਂ ਨੂੰ ਸੁਣਿਆ ਤੇ ਹੱਲ ਕੀਤਾ ਜਾ ਰਿਹਾ ਹੈ।’  ਉਨ੍ਹਾਂ ਸਮੂਹ ਕੌਸਲਰਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਨਤਾ ਦੇ ਪ੍ਰਤੀਨਿਧੀ ਹਨ, ਜਿਸ ਕਰਕੇ ਲੋਕਾਂ ਤੱਕ ਹਰ ਯੋਜਨਾ ਦਾ ਲਾਭ ਪੁੱਜਦਾ ਕਰਨਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਸਾਰੇ ਜਿਲ੍ਹੇ ਭਰ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਲਈ ਉਨ੍ਹਾਂ ਸਹਾਇਕ ਲੇਬਰ ਕਮਿਸ਼ਨਰ ਨੂੰ ਮੌਕੇ ’ਤੇ ਹੀ ਨਿਰਦੇਸ਼ ਜਾਰੀ ਕੀਤੇ।
              ਇਸ ਤੋਂ ਇਲਾਵਾ ਉਨ੍ਹਾਂ ਕਪੂਰਥਲਾ ਸ਼ਹਿਰ ਅੰਦਰ ਹੋਰ ਕੈਂਪ ਲਗਾਏ ਜਾਣ ਤੇ ਜਲੌਅਖਾਨੇ ਵਿਖੇ ਕੈਂਪ ਨੂੰ ਸਥਾਈ ਤੌਰ ’ਤੇ ਚਾਲੂ ਰੱਖਿਆ ਜਾਵੇ।
ਉਨ੍ਹਾਂ ਸਮੂਹ ਕੌਂਸਲਰਾਂ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਵਾਰਡ ਵਿਚ ਯੋਗ ਲਾਭਪਾਤਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਕਾਰਡ ਬਣਾਏ ਜਾਣਾ ਯਕੀਨੀ ਬਣਾਉਣ, ਕਿਉਂਕਿ ਇਸ ਯੋਜਨਾ ਤਹਿਤ ਨਾ ਸਿਰਫ ਉਹ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਮੁਫਤ ਇਲਾਜ਼, ਬੱਚਿਆਂ ਦੀ ਪੜ੍ਹਾਈ ਲਈ 70, 000 ਰੁਪੈ ਤੱਕ ਸਹਾਇਤਾ, ਹਾਦਸੇ ਦੀ ਸੂਰਤ ਵਿਚ ਮੁਆਵਾਜ਼ਾ ਲੈ ਸਕਦੇ ਹਨ। ਇਸ ਤੋਂ ਇਲਾਵਾ ਪੈਨਸ਼ਨ , ਸ਼ਗਨ ਸਕੀਮ ਤਹਿਤ 51000 ਰੁਪੈ ਵੀ ਕਿਰਤੀਆਂ ਨੂੰ ਦੇਣ ਵੀ ਵਿਵਸਥਾ ਕੀਤੀ ਗਈ ਹੈ। ਕੈਬਨਿਟ ਮੰਤਰੀ ਵਲੌਂ ਇਸ ਮੌਕੇ ਕੁਝ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਦੇ ਕਾਰਡ ਵੀ ਤਕਸੀਮ ਕੀਤੇ ਗਏ।
                 ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੁਪਮ ਕਲੇਰ ਨੇ ਦੱਸਿਆ ਕਿ ਲੋਕ ਭਲਾਈ ਯੋਜਨਾਵਾਂ ਦਾ ਲਾਭ ਦੇਣ ਵਾਸਤੇ ਵਿਸ਼ੇਸ਼ ਕੈਂਪ ਲਾਉਣ ਬਾਰੇ ਸਮਾਂ ਸਾਰਣੀ ਅਗਲੇ 2 ਦਿਨਾਂ ਵਿਚ ਜਾਰੀ ਕੀਤੀ ਜਾਵੇਗੀ।
              ਸਹਾਇਕ ਕਿਰਤ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਲੌਅਖਾਨਾ ਵਿਖੇ ਲਗਾਏ ਗਏ ਕੈਂਪ ਦੌਰਾਨ ਪਹਿਲੇ ਦਿਨ ਹੀ 200 ਤੋਂ ਜਿਆਦਾ ਉਸਾਰੀ ਕਿਰਤੀਆਂ ਦੇ ਫਾਰਮ ਭਰਕੇ ਆਨਲਾਇਨ ਕੀਤੇ ਗਏ ਹਨ।
               ਇਸ ਮੌਕੇ ਸਾਬਕਾ ਵਿਧਾਇਕ ਬੰਗਾ ਤਰਲੋਚਨ ਸੂੰਢ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਦੀਪਕ ਸਲਵਾਨ, ਦੇਸ਼ਬੰਧੂ, ਮਨੀਸ਼ ਕੁਮਾਰ, ਹਰਸਿਮਰਨਜੀਤ ਸਿੰਘ (ਸਾਰੇ ਕੌਸਲਰ) ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …