Monday, March 16, 2026

ਸਾਂਝੇ ਮਜ਼ਦੂਰ ਮੋਰਚੇ ਨੇ ਸੁਨਾਮ ਰੇਲਵੇ ਸਟੇਸ਼ਨ ‘ਤੇ ਕੀਤਾ ਚੱਕਾ ਜਾਮ

ਸੰਗਰੂਰ, 12 ਦਸੰਬਰ (ਜਗਸੀਰ ਲੌਂਗੋਵਾਲ) – ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਪੰਜਾਬ ਵਲੋਂ ਦਿੱਤੇ ਸੱਦੇ ਦੀ ਕੜੀ ਤਹਿਤ ਅੱਜ ਰੇਲਵੇ ਸਟੇਸ਼ਨ ਸੁਨਾਮ ਵਿਖੇ ਸੈਂਕੜਿਆਂ ਦੀ ਗਿਣਤੀ `ਚ ਖੇਤ ਮਜ਼ਦੂਰ ਮਰਦ ਤੇ ਔਰਤਾਂ ਨੇ ਰੇਲਵੇ ਲਾਈਨ `ਤੇ ਚੱਕਾ ਜਾਮ ਕੀਤਾ ਗਿਆ।ਮੋਰਚੇ `ਚ ਸ਼ਾਮਲ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ), ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਬੁਲਾਰਿਆਂ ਹਰਭਗਵਾਨ ਸਿੰਘ ਮੂਨਕ, ਸੰਜੀਵ ਮਿੰਟੂ, ਗੋਬਿੰਦ ਸਿੰਘ ਛਾਜਲੀ, ਲਖਬੀਰ ਸਿੰਘ ਲੱਖੀ ਲੌਂਗੋਵਾਲ ਪਰਗਟ ਸਿੰਘ ਕਾਲਾਝਾੜ ਅਤੇ ਨਿਰਮਲ ਸਿੰਘ ਬਟੜਿਆਣਾ ਨੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੂੰਬੜ ਚਾਲਾਂ ਨੂੰ ਲੋਕਾਂ ਦੀਆਂ ਸੱਥਾਂ `ਚ ਪਿਛਲੇ ਤਿੰਨ ਦਿਨਾਂ ਤੋਂ ਨੰਗਾ ਕੀਤਾ ਹੈ ਅਤੇ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਨਾਲ ਕੀਤੀ ਵਾਅਦਾ ਖਿਲਾਫੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਂਡੂ ਤੇ ਖੇਤ ਮਜ਼ਦੂਰਾਂ ਨਾਲ ਕੀਤੀ ਵਾਅਦਾ ਖਿਲਾਫੀ ਇਹ ਸਾਬਤ ਕਰਦੀ ਹੈ ਕਿ ਚੰਨੀ ਸਰਕਾਰ ਕਿਵੇਂ ਦਲਿਤ ਚਿਹਰੇ ਵਜੋਂ ਮਜ਼ਦੂਰ ਮੰਗਾਂ ਦੇ ਹੱਲ ਸਬੰਧੀ ਲੰਘੀ 23 ਨਵੰਬਰ ਨੂੰ ਚੰਡੀਗੜ੍ਹ ਵਿਖੇ ਸਾਂਝੇ ਮੋਰਚੇ ਦੇ ਮਜ਼ਦੂੂਰ ਆਗੂਆਂ ਨਾਲ ਸਾਰੇ ਪ੍ਰਮੁੱਖ ਅਧਿਕਾਰੀਆਂ ਦੀ ਹਾਜ਼ਰੀ `ਚ ਮੀਟਿੰਗ ਕਰਕੇ ਕੁੱਝ ਕੁ ਮੰਗਾਂ ਨੂੰ ਲਾਗੂ ਕਰਨ ਦੇ ਫੋਕੇ ਐਲਾਨ ਕੀਤੇ ਕਿ ਬੇਘਰੇ ਤੇ ਲੋੜਵੰਦਾਂ ਨੂੰ 5-5 ਮਰਲਿਆਂ ਦੇ ਪਲਾਟ, ਸਹਿਕਾਰੀ ਸੁਸਾਇਟੀ `ਚ ਚੌਥਾ ਹਿੱਸਾ ਰਾਖਵਾਂਕਰਨ ਕਰ ਕੇ 50000 ਰੁਪਏ ਤੱਕ ਦੇ ਕਰਜ਼ੇ, ਪੁੱਟੇ ਗਏ ਬਿਜਲੀ ਮੀਟਰ ਤੁਰੰਤ ਲਾੳਣ, ਰਸੋਈ `ਚ ਖਾਣ ਪੀਣ ਵਾਲੀਆਂ ਵਸਤਾਂ ਸਸਤੇ ਭਾਅ `ਤੇ ਦੇਣਾ ਯਕੀਨੀ ਬਣਾਵਾਂਗੇ, ਜੋ ਅੱਜ ਤੱਕ ਗਰਾਊਂਡ ਲੈਵਲ ਤੇ ਅਮਲੀ ਰੂਪ `ਚ ਜ਼ੀਰੋ ਹਨ।
                 ਮਜ਼ਦੂਰ ਆਗੂਆਂ ਲਖਵੀਰ ਲੌਗੋਵਾਲ, ਬਲਵਿੰਦਰ ਜਲੂਰ, ਗੋਪੀ ਗਿਰ ਕੱਲਰਭੈਣੀ, ਰਾਜਵਿੰਦਰ ਝਨੇੜੀ, ਪ੍ਰੇਮ ਸਿੰਘ, ਸੁਰਿੰਦਰ ਭੈਣੀ ਨੇ ਕਿਹਾ ਕਿ ਇਨ੍ਹਾਂ ਮਜ਼ਦੂਰ ਵਿਰੋਧੀ ਲੂੰਬੜ ਚਾਲਾਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।ਸਦੀਆਂ ਤੋਂ ਦੱਬੀ ਕੁੱਚਲੀ ਆਪਣੇ ਹੱਕਾਂ ਤੋਂ ਵਿਰਵੀ ਅਤੇ ਅਖੌਤੀ ਜਾਤ ਪਰੰਪਰਾ `ਚ ਵੰਡੀ ਮਜ਼ਦੂਰ ਜਮਾਤ ਨੂੰ ਜਾਗਰੂਕ ਕਰਦੇ ਹੋਏ ਵੱਡੇ ਪੱਧਰ ‘ਤੇ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਆਪਣੇ ਹੱਕਾਂ ਦਾ ਸੰਘਰਸ਼ ਤੇਜ਼ ਕਰਦੇ ਹੋਏ ਮੰਗ ਕੀਤੀ ਜਾ ਰਹੀ ਹੈ ਕਿ ਸਭਨਾਂ ਲੋਡ਼ਵੰਦ ਕਿਰਤੀਆਂ ਲਈ 10-10 ਮਰਲੇ ਦੇ ਪਲਾਟ ਦੇ ਕੇ ਮਕਾਨ ਬਣਾਉਣ ਲਈ 5,00000 ਰੁਪਏ ਦੀ ਗਰਾਂਟ, ਸਾਰੇ ਯੋਗ ਕਾਮਿਆਂ ਨੂੰ ਮਨਰੇਗਾ ਰਾਹੀਂ ਸਾਰਾ ਸਾਲ ਕੰਮ, ਦਿਹਾੜੀ 600 ਰੁਪਏ, ਨਰੇਗਾ `ਚ ਹੋ ਰਹੀ ਭ੍ਰਿਸ਼ਟਾਚਾਰੀ ਨੂੰ ਨੱਥ ਪਾਉਣ, ਬੁਢੇਪਾ ਅਤੇ ਵਿਧਵਾ ਪੈਨਸ਼ਨ 5000 ਰੁਪਏ ਕਰਵਾਉਣ, ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ਦੇ ਸਿਰ ਚੜ੍ਹਿਆ ਸਰਕਾਰੀ, ਗ਼ੈਰ ਸਰਕਾਰੀ ਮਾਈਕ੍ਰੋਫਾਇਨਾਂਸ ਕੰਪਨੀਆਂ ਦਾ ਕਰਜ਼ਾ ਖਤਮ ਕਰਾਉਣ, ਨਵੇਂ ਸਿਰੇ ਤੋਂ ਕਰਜ਼ਾ ਕਾਨੂੰਨ ਬਣਾ ਕੇ ਲੋੜਵੰਦਾਂ ਨੂੰ ਘੱਟ ਵਿਆਜ `ਤੇ ਸਰਕਾਰੀ ਕਰਜ਼ੇ ਮੁਹੱਈਆ ਕਰਾਉਣ, ਤੀਜੇ ਹਿੱਸੇ ਦੀ ਪੰਚਾਇਤੀ ਰਿਜ਼ਰਵ ਜ਼ਮੀਨ ਸਸਤੇ ਠੇਕੇ `ਤੇ ਦੇਣਾ ਯਕੀਨੀ ਬਣਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹੋਏ ਬੇਜ਼ਮੀਨੇ ਮਜ਼ਦੂਰ ਕਿਸਾਨਾਂ ਨੂੰ ਰਸੋਈ `ਚ ਵਰਤਣਯੋਗ ਖਾਣ ਪੀਣ ਵਾਲੀਆਂ ਵਸਤਾਂ ਸਸਤੇ ਭਾਅ `ਤੇ ਦੇਣਾ ਯਕੀਨੀ ਬਣਾਉਣ, ਰਸੋਈ ਗੈਸ ਅੱਧੇ ਰੇਟ, ਬਿਜਲੀ, ਪਾਣੀ, ਵਿੱਦਿਆ ਅਤੇ ਸਿਹਤ ਸਹੂਲਤਾਂ ਬਿਲਕੁੱਲ ਮੁਫ਼ਤ ਕਰਵਾਉਣ, ਮਜ਼ਦੂਰਾਂ ਕਿਸਾਨਾਂ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਯੋਗਤਾ ਅਨੁਸਾਰ ਪੱਕੇ ਸਰਕਾਰੀ ਰੁਜ਼ਗਾਰ ਦਾ ਪ੍ਰਬੰਧ ਕਰਵਾਉਣ, ਪਬਲਿਕ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਵਾਉਣ, ਦਲਿਤਾਂ `ਤੇ ਦਾਬੇ ਤਹਿਤ ਕੀਤਾ ਜਾਂਦਾ ਸਮਾਜਿਕ ਅਤੇ ਸਰਕਾਰੀ ਜਬਰ ਬੰਦ ਕਰਾਉਣ, ਜ਼ਮੀਨੀ ਸੁਧਾਰ ਕਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਤੇ ਥੁੜ ਜ਼ਮੀਨੇ ਲੋਕਾਂ `ਚ ਵੰਡਾਉਣ ਤੱਕ ਸੰਘਰਸ਼ ਜਾਰੀ ਰਹੇਗਾ।ਚਾਹ ਅਤੇ ਪਾਣੀ ਦੀ ਸੇਵਾ ਬੀ.ਕੇ.ਯੂ (ਏਕਤਾ ਉਗਰਾਹਾਂ) ਨੇ ਨਿਭਾਈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …