Wednesday, March 4, 2026

ਮਨੁੱਖੀ ਅਧਿਕਾਰ ਦਿਵਸ ‘ਤੇ ਵੈਬਿਨਾਰ ਦਾ ਆਯੋਜਨ

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਨੇ ਕਰਵਾਇਆ ਵੈਬਿਨਾਰ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਐਡਵੋਕੇਟ ਅਮਨਦੀਪ ਸਿੰਘ ਬਾਜਵਾ ਅਤੇ ਸਮਾਜ ਸੇਵੀ ਸੁਭਾਸ਼ ਸਹਿਗਲ ਨੇ ਹਿੱਸਾ ਲਿਆ।
ਐਡਵੋਕੇਟ ਅਮਨਦੀਪ ਸਿੰਘ ਬਾਜਵਾ ਨੇ ਕਿਹਾ ਕਿ ਅਜੋਕੇ ਸਮੇਂ ‘ਚ ਕਈ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਘੱਟ ਜਾਣਕਾਰੀ ਨਹੀਂ ਹੈ, ਜੋ ਕਿ ਸਹੀ ਗੱਲ ਨਹੀਂ ਹੈ।ਉਹਨਾਂ 1948 ਵਿੱਚ ਮਾਨਵ ਅਧਿਕਾਰਾਂ ਦੇ ਸਰਵ ਵਿਆਪਕ ਘੋਸ਼ਣਾ ਪੱਤਰ (ਯੂ.ਡੀ.ਐਚ.ਆਰ) ਦੇ ਲੇਖਾਂ ਦੀ ਵਿਆਖਿਆ ਕੀਤੀ।ਬਾਜਵਾ ਨੇ ਸੰਵਿਧਾਨ ਵਿਚ ਮਨੁੱਖੀ ਅਧਿਕਾਰਾਂ ਬਾਰੇ ਦਿੱਤੇ ਗਏ ਪ੍ਰਾਵਧਾਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਇਨ੍ਹਾਂ ਬਾਰੇ ਸੰਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਇੱਕ ਜਿੰਮੇਵਾਰ ਨਾਗਰਿਕ ਬਣ ਸਕਦੇ ਹਾਂ।
               ਸਮਾਜ ਸੇਵੀ ਸੁਭਾਸ਼ ਸਹਿਗਲ ਨੇ ਮਨੁੱਖੀ ਅਧਿਕਾਰਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਵਾਉਣ ਦੀਆਂ ਚੁਣੌਤੀਆਂ ਬਾਰੇ ਵੇਰਵੇ ਸਾਹਿਤ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਹੈ, ਉਸ ਦੇ ਮਨੁੱਖੀ-ਅਧਿਕਾਰਾਂ ਦੀ ਕੋਈ ਉਲੰਘਣਾ ਨਹੀਂ ਕਰ ਸਕਦਾ।
                   ਬੋਲਦਿਆਂ ਪ੍ਰੈਸ ਇਨਫਰਮੇਸਨ ਬਿਊਰੋ, ਚੰਡੀਗੜ ਦੀ ਡਿਪਟੀ ਡਾਇਰੈਕਟਰ ਸਪਨਾ (ਆਈ.ਆਈ.ਐਸ) ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਮਨੁੱਖੀ ਜ਼ਿੰਦਗੀ ਲਈ ਲੋੜੀਂਦੇ ਮੂਲੋਂ ਹੀ ਮੁੱਢਲੇ ਅਧਿਕਾਰਾਂ ਦੇ ਵੱਡੇ ਪੱਧਰ ‘ਤੇ ਹੋਏ ਘਾਣ ਨੇ ਵਿਸ਼ਵ ਭਾਈਚਾਰੇ ਨੂੰ ਮਨੁੱਖੀ ਅਧਿਕਾਰਾਂ ਬਾਰੇ ਸੋਚਣ ਲਈ ਮਜ਼ਬੂਰ ਕੀਤਾ, ਜਿਸ ਦੇ ਸਿੱਟੇ ਵਜੋਂ ਯੂ.ਐਨ.ਓ ਨੇ 10 ਦਸੰਬਰ 1948 ਨੂੰ ‘ਮਨੁੱਖੀ ਅਧਿਕਾਰਾਂ ਦਾ ਆਲਮੀ ਐਲਾਨਨਾਮਾ’ ਜਾਰੀ ਕੀਤਾ।
                ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਦੇ ਇੰਚਾਰਜ਼ ਅਤੇ ਫੀਲਡ ਪਬਲੀਸਿਟੀ ਅਫਸਰ ਗੁਰਮੀਤ ਸਿੰਘ (ਆਈ.ਆਈ.ਐਸ) ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ 1993 ਵਿੱਚ ਸਾਡੇ ਦੇਸ਼ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਬਣਾਇਆ ਗਿਆ ਸੀ।ਹਾਲਾਂਕਿ ਸਾਲ 1950 ਤੋਂ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋ ਚੁੱਕਾ ਹੈ, ਜਿਸ ਦੇ ਭਾਗ ਤਿੰਨ ਵਿੱਚ ਹਰ ਭਾਰਤ ਵਾਸੀ ਨੂੰ ਕਈ ਮੌਲਿਕ ਅਧਿਕਾਰ ਦਿੱਤੇ ਗਏ ਹਨ।
             ਇਸ ਮੌਕੇ ਰੀਜ਼ਨਲ ਆਊਟਰੀਚ ਬਿਊਰੋ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਬਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਇਹ ਸੁਨਿਸ਼ਚਿਤ ਕਰ ਸਕਦੇ ਹਨ ਕਿ ਅਸੀਂ ਭਵਿੱਖ ਵਿੱਚ ਇਕ ਅਜਿਹੀ ਦੁਨੀਆ ਪ੍ਰਾਪਤ ਕਰਾਂਗੇ, ਜੋ ਬਿਹਤਰ ਅਤੇ ਵਧੇਰੇ ਨਿਰਪੱਖ ਅਤੇ ਟਿਕਾਉ ਹੈ।
                   ਦੱਸਣਯੋਗ ਹੈ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਸਾਲਾਨਾ 10 ਦਸੰਬਰ ਨੂੰ ਮਨਾਇਆ ਜਾਂਦਾ ਹੈ।ਇਸ ਦਿਵਸ ਨੂੰ ਮਨਾਉਣ ਪਿੱਛੇ ਮੁੱਖ ਉਦੇਸ਼ ਵਿਸ਼ਵ ਪੱਧਰ ‘ਤੇ ਕਮਜ਼ੋਰ ਸਮੂਹਾਂ ਦਾ ਸਰੀਰਕ, ਸਮਾਜਿਕ, ਸਭਿਆਚਾਰਕ ਅਤੇ ਅਧਿਆਤਮਕ ਤੌਰ ‘ਤੇ ਸੁਧਾਰ ਕਰਨਾ ਹੈ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …