ਕਿਹਾ, ਰਾਜੇਵਾਲ ਕੇਂਦਰ ਨਾਲ ਗੁਪਤ ਸੌਦੇਬਾਜ਼ੀ ਦਾ ਕਿਸਾਨਾਂ ਨੂੰ ਦੇਣ ਜਵਾਬ
ਦੀਨਾਨਗਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਅਪੀਲ ਕੀਤੀ ਕਿ ਉਹ ਆਪਣੇ 5 ਜਨਵਰੀ ਦੇ ਦੌਰੇ ਦੌਰਾਨ ਪੰਜਾਬ ਨੁੰ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਨਾਲ ਨਾਲ ਦਰਿਆਈ ਪਾਣੀਆਂ ’ਤੇ ਰਾਈਪੇਰੀਅਨ ਸਿਧਾਂਤਾਂ ਮੁਤਾਬਕ ਹੱਕ ਦੇਣ ਦਾ ਐਲਾਨ ਕਰਨ।
ਅਕਾਲੀ ਦਲ ਦੇ ਪ੍ਰਧਾਨ ਇਥੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਕਮਲਜੀਤ ਚਾਵਲਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸ਼ਹਿਰ ਵਿਚ ਖੰਡ ਮਿੱਲ ਵੀ ਸਥਾਪਿਤ ਕਰੇਗੀ।
ਪ੍ਰਧਾਨ ਮੰਤਰੀ ਦੇ ਦੌਰੇ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀਆਂ ਪ੍ਰਧਾਨ ਮੰਤਰੀ ਤੋਂ ਵੱਡੀਆਂ ਆਸਾਂ ਹਨ ਕਿ ਉਹ ਦਹਾਕਿਆਂ ਤੋਂ ਸੂਬੇ ਨਾਲ ਹੋਇਆ ਅਨਿਆਂ ਦੁਰ ਕਰਨਗੇ।ਉਹਨਾਂ ਕਿਹਾ ਕਿ ਮੈਂ ਮੋਦੀ ਨੂੰ ਅਪੀਲ ਕਰਦੇ ਹਨ ਕਿ ਉਹ 5 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੁੰ ਦੇਣ ਦੇ ਨਾਲ-ਨਾਲ 1966 ਵਿਚ ਪੰਜਾਬੀ ਸੂਬੇ ਦੇ ਪੁਨਰਗਠਨ ਵੇਲੇ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੁੰ ਦੇਣ ਅਤੇ ਦਰਿਆਈ ਪਾਣੀਆਂ ’ਤੇ ਰਾਈਪੇਰੀਅਨ ਸਿਧਾਂਤ ਮੁਤਾਬਕ ਹੱਕ ਦੇਣ ਦਾ ਐਲਾਨ ਕਰਨ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਾਦਲ ਨੇ ਇਸ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਵੱਲੋਂ ਸੂਬੇ ਵਿਚ ਫਿਰੋਜ਼ਪੁਰ ਵਿਖੇ ਲਿਆਂਦੇ ਗਏ ਪੀ.ਜੀ ਆਈ ਸੈਟੇਲਾਈਟ ਸੈਂਟਰ ਦਾ ਆਖਿਰਕਾਰ ਪ੍ਰਧਾਨ ਮੰਤਰੀ 5 ਜਨਵਰੀ ਨੁੰ ਉਦਘਾਟਨ ਕਰਨਗੇ।
ਜਦੋਂ ਉਹਨਾਂ ਤੋਂ ਸੰਯੁਕਤ ਕਿਸਾਨ ਮੋਰਚੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਕੁੱਝ ਹੋਰਨਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੁੰ ਲਿਖੇ ਲੈਟਰ ਬੰਬ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜੇਵਾਲ ਆਪਣੀਆਂ ਕਾਰਵਾਈਆਂ ਬਾਰੇ ਜਵਾਬ ਦੇਣ। ਉਹਨਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੋਣ ਦੇ ਬਾਵਜ਼ੂਦ ਕਿਸਾਨਾਂ ਨਾਲ ਧੋਖਾ ਕਰ ਰਹੇ ਸਨ ਤੇ ਇਸ ਸਾਰੇ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ।
ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿਚਾਲੇ ਗਠਜੋੜ ਬਾਰੇ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਸਿਰਫ ਨੁੰ ਸਿਰਫ ਨਾਲ ਮਿਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ।ਇਸ ਗਠਜੋੜ ਦਾ ਸੂਬੇ ਦੀ ਰਾਜਨੀਤੀ ’ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ।
ਇਸ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸੂਬੇ ਦੇ ਪੁਲਿਸ ਮੁਲਾਜ਼ਮਾਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਜਿਵੇਂ ਮਿਸਗਾਈਡਡ ਮਿਜ਼ਾਈਲ ਬਹੁਤ ਮਾੜੀ ਹੁੰਦੀ ਹੈ, ਇਸੇ ਤਰੀਕੇ ਨਵਜੋਤ ਸਿੱਧੂ ਹੁਣ ਆਪਣੀ ਮੰਦੀ ਸ਼ਬਦਾਵਲੀ ਨਾਲ ਪੰਜਾਬੀਆਂ ਨੁੰ ਸ਼ਰਮਸਾਰ ਕਰ ਰਹੇ ਹਨ।ਉਹਨਾਂ ਕਿਹਾ ਕਿ ਸਿੱਧੂ ਕੋਲ ਪੰਜਾਬ ਵਿਚ ਨਫਰਤ, ਜ਼ਹਿਰ, ਅੰਨਾ ਹੰਕਾਰ ਫੈਲਾਉਣ ਤੋਂ ਇਲਾਵਾ ਕੁੱਝ ਨਹੀਂ ਹੈ।
ਦੋ ਮੌਜੂਦਾ ਵਿਧਾਇਕਾਂ ਫਤਿਹ ਜੰਗ ਬਾਜਵਾ ਤੇ ਬਲਵਿੰਦਰ ਲਾਡੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਹੋਣ ਨੂੰ ਉਨਾਂ ਕਿਹਾ ਕਿ ਭਾਵੇਂ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ।ਪਰ ਇਸ ਤੋਂ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸੀ ਡੁੱਬਦੇ ਜਹਾਜ਼ ਵਿਚੋਂ ਛਾਲਾਂ ਮਾਰ ਰਹੇ ਹਨ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਇਥੇ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ ਤੇ ਦੀਨਾਨਗਰ ਦੀ ਮਾਰਕੀਟ ਵਿਚ ਘਰ ਘਰ ਜਾ ਕੇ ਪ੍ਰਚਾਰ ਕੀਤਾ।ਉਹਨਾਂ ਦੇ ਨਾਲ ਬਸਪਾ ਉਮੀਦਵਾਰ ਕਮਲਜੀਤ ਚਾਵਲਾ ਤੇ ਗੁਰਬਚਨ ਸਿੰਘ ਬੱਬੇਹਾਲੀ ਵੀ ਮੌਜ਼ੂਦ ਸਨ।ਉਹਨਾਂ ਨੇ ਇਤਿਹਾਸਕ ਧਾਰਮਿਕ ਅਸਥਾਨਾਂ ’ਤੇ ਮੱਥਾ ਵੀ ਟੇਕਿਆ।