ਸਾਈਕਲੋਥੋਨ ਤੋਂ ਪਹਿਲਾਂ ਮੌਨ ਧਾਰਨ ਕਰਕੇ ਸ਼ਹੀਦ ਵਰਿੰਦਰ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੈਂਸਰ
ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਆਯੋਜਿਤ ਸਾਈਕਲੋਥੋਨ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਛੱਤੀਸਗੜ੍ਹ ਵਿਖੇ ਨਕਸਲਬਾੜੀ ਮੁਠਭੇੜ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਲਹਿਰਾਗਾਗਾ ਦੇ ਜਾਂਬਾਜ਼ ਕਮਾਂਡੋ ਜਵਾਨ ਵਰਿੰਦਰ ਸਿੰਘ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।ਸਿੰਗਲਾ ਨੇ ਕਿਹਾ ਕਿ ਦੇਸ਼ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਵਾਰਨ ਵਾਲੇ ਇਸ ਸਪੂਤ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।ਇਸ ਦੌਰਾਨ ਵੱਡੀ ਸਕਰੀਨ ਰਾਹੀਂ ਇਸ ਯੋਧੇ ਦੀਆਂ ਤਸਵੀਰਾਂ ਦਿਖਾ ਕੇ ਮਹਾਨ ਸ਼ਹਾਦਤ ਨੂੰ ਸਿਜ਼ਦਾ ਕੀਤਾ ਗਿਆ।
ਇਸ ਉਪਰੰਤ ਸਰਕਾਰੀ ਰਣਬੀਰ ਕਾਲਜ ਤੋਂ ਹੀ ਇੱਕ ਵਿਸ਼ਾਲ ਸਾਈਕਲੋਥੋਨ ਆਰੰਭ ਹੋਈ ਜਿਸ ਨੂੰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਸਮਾਗਮ ਵਿੱਚ ਚਾਰ ਹਜ਼ਾਰ ਤੋਂ ਵੱਧ ਵਾਲੰਟੀਅਰਾਂ ਨੇ ਹਿੱਸਾ ਲਿਆ।
ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਦੇ ਡਾਇਰੈਕਟਰ ਪ੍ਰੋ. ਰਾਕੇਸ਼ ਕਪੂਰ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਕੈਂਸਰ ਦੀ ਮੁੱਢਲੇ ਪੜਾਅ ‘ਤੇ ਹੀ ਪਛਾਣ ਕਰਨ ਅਤੇ ਇਸ ਨਾਲ ਲੜਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਵੇ।
ਸਿੰਗਲਾ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਪੂਰੇ ਭਾਰਤ ਦੇ ਵਧੀਆ ਡਾਕਟਰ ਇੱਥੇ ਕੰਮ ਕਰ ਰਹੇ ਹਨ ਅਤੇ ਮਰੀਜ਼ਾਂ ਲਈ ਸਭ ਤੋਂ ਵਧੀਆ ਅਤੇ ਅੰਤਰਰਾਸ਼ਟਰੀ ਮਿਆਰਾਂ ਦਾ ਕੈਂਸਰ ਦਾ ਇਲਾਜ਼ ਉਪਲੱਬਧ ਹੈ। ਉਨ੍ਹਾਂ ਕਿਹਾ ਕਿ 95 ਫੀਸਦੀ ਤੱਕ ਮਰੀਜ਼ਾਂ ਨੇ ਮੁਫਤ ਇਲਾਜ਼ ਪ੍ਰਾਪਤ ਕੀਤਾ ਅਤੇ ਇੱਥੋਂ ਤੱਕ ਕਿ ਦਵਾਈਆਂ ਵੀ 70 ਫੀਸਦੀ ਛੋਟ `ਤੇ ਉਪਲਬਧ ਹਨ, ਤਾਂ ਜੋ ਗਰੀਬ ਲੋਕਾਂ ਨੂੰ ਵੀ ਸੰਗਰੂਰ ਵਿੱਚ ਵਧੀਆ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇ।
ਡਾ. ਰਾਕੇਸ਼ ਕਪੂਰ ਨੇ ਸਿੰਗਲਾ ਵਲੋਂ ਸੰਗਰੂਰ ਦੇ ਲੋਕਾਂ ਦੀ ਕੀਤੀ ਸੇਵਾ ਲਈ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸੰਗਰੂਰ ਇਸ ਖੇਤਰ ਦੀ ਸਭ ਤੋਂ ਮੋਹਰੀ ਇਕਾਈ ਬਣ ਗਿਆ ਹੈ, ਜਿਥੇ ਵੱਖ-ਵੱਖ ਰਾਜਾਂ ਤੋਂ ਲੋਕ ਇਲਾਜ਼ ਲਈ ਆਉਂਦੇ ਹਨ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਇਲਾਵਾ ਸੰਗਰੂਰ ਵਿੱਚ ਇੱਕੋ ਇੱਕ ਪੀ.ਜੀ.ਆਈ ਸੈਟੇਲਾਈਟ ਸੈਂਟਰ, ਮੁੰਬਈ ਤੋਂ ਬਾਹਰ ਇੱਕੋ ਇੱਕ ਹੋਮੀ ਭਾਬਾ ਕੈਂਸਰ ਹਸਪਤਾਲ ਹੈ ਅਤੇ ਹੁਣ ਘਾਬਦਾਂ ਵਿਖੇ ਇੱਕ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਸਿੰਗਲਾ ਦੇ ਨਾਲ ਐਸਐਸਪੀ ਸ੍ਰੀ ਸਵਪਨ ਸ਼ਰਮਾ, ਮੋਹਿਲ ਸਿੰਗਲਾ, ਹੋਮੀ ਭਾਬਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਤੇ ਆਈ.ਐਮ.ਏ ਦੇ ਨੁਮਾਇੰਦਿਆਂ ਨੇ ਸਾਈਕਲੋਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਜਿਸ ਦੀ ਸਮਾਪਤੀ ਤੋਂ ਬਾਅਦ ਸਿੰਗਲਾ ਨੇ ਨੌਜਵਾਨਾਂ ਨੂੰ ਮੈਡਲ ਪ੍ਰਦਾਨ ਕੀਤੇ।ਇਸ ਮੌਕੇ ਕੈਂਸਰ ਜਾਗਰੂਕਤਾ ਬਾਰੇ ਵੱਖ-ਵੱਖ ਸਕਿੱਟਾਂ ਦੀ ਪੇਸ਼ਕਾਰੀ ਵੀ ਕੀਤੀ ਗਈ।
ਸੰਗਰੂਰ ਦੇ ਲੋਕਾਂ ਨੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੀ ਜਲਦੀ ਪਛਾਣ ਲਈ ਜਾਗਰੂਕਤਾ ਫੈਲਾਉਣ ਅਤੇ ਇਸ ਦਾ ਮੁਕਾਬਲਾ ਕਰਨ ਲਈ ਭਰਪੂਰ ਸਹਿਯੋਗ ਦਿੱਤਾ।
Punjab Post Daily Online Newspaper & Print Media