ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਸਮੇਤ ਅਨੇਕਾਂ ਕਾਂਗਰਸੀ ਤੇ ਭਾਜਪਾ ਆਗੂ ਅਕਾਲੀ ਦਲ ‘ਚ ਸ਼ਾਮਲ
ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੀ ਜੰਗ ਹਲਕੇ ‘ਚ ਵਿਕਾਸ
ਕਾਰਜ ਮੁੜ ਤੋਂ ਸ਼ੁਰੂ ਕਰਨ ਦੀ ਜੰਗ ਹੈ, ਜੋ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਲੀਡਰਸ਼ਿਪ ਵਿੱਚ ਪਿਛਲੇ 18 ਸਾਲਾਂ ਤੋਂ ਰੁਕੇ ਹੋਏ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਨੁੰ ਹਲਕੇ ਵਿੱਚ ਪ੍ਰਚਾਰ ਮੁਹਿੰਮ ਦੌਰਾਨ ਲਾਮਿਸਾਲ ਹੁੰਗਾਰਾ ਮਿਲਿਆ ਹੈ। ਉਹਨਾਂ ਨੇ ਵਾਰਡ ਨੰਬਰ 27, 28, 29 ਤੇ 30 ਦੇ ਨਾਲ ਮਾਲ ਮੰਡੀ ਤੇ ਜਹਾਜ਼ਗੜ੍ਹ ਵਿੱਚ ਵਿਸ਼ਾਲ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ।ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਥੋਥੇ ਵਾਅਦਿਆਂ ਨਾਲ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ।ਉਹਨਾਂ ਕਿਹਾ ਕਿ ਹਰ ਵਾਰ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਉਹ ਨਵੇਂ ਮਾਡਲਾਂ ਦੀ ਗੱਲ ਕਰਨ ਲੱਗ ਜਾਂਦਾ ਹੈ। ਉਹ ਅਚਨਚੇਤ ਖੇਡ ਸਟੇਡੀਅਮਾਂ ਤੇ ਪੁੱਲਾਂ ਦੇ ਨਿਰਮਾਣ ਦੀ ਗੱਲ ਕਰਨ ਲੱਗ ਜਾਂਦਾ ਹੈ ਪਰ ਜਦੋਂ ਚੋਣਾਂ ਹੋ ਜਾਂਦੀਆਂ ਹਨ ਤਾਂ ਉਹ ਲੋਕਾਂ ਨੁੰ ਉਹਨਾਂ ਦੇ ਹਾਲ `ਤੇ ਛੱਡ ਦਿੰਦਾ ਹੈ।ਇਹੀ ਕਾਰਨ ਹੈ ਕਿ ਅੰਮ੍ਰਿਤਸਰ ਪੂਰਬੀ ਵਿਚ ਪੀਣ ਵਾਲੇ ਪਾਣੀ ਤੇ ਆਧੁਨਿਕ ਸੀਵਰੇਜ਼ ਸਿਸਟਮ ਸਮੇਤ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
ਅਕਾਲੀ ਆਗੂ ਨੇ ਲੋਕਾਂ ਨੁੰ ਇਹ ਵੀ ਭਰੋਸਾ ਦੁਆਇਆ ਕਿ ਕਾਂਗਰਸ ਰਾਜਕਾਲ ਵੇਲੇ ਕੀਤੀਆਂ ਗਲਤੀਆਂ ਨੁੰ ਦਰੁੱਸਤ ਕੀਤਾ ਜਾਵੇਗਾ।ਕਾਂਗਰਸ ਵਲੋਂ ਜਿਹੜੇ ਨੀਲੇ ਕਾਰਡ ਰੱਦ ਕੀਤੇ ਗਏ, ਉਹ ਬਹਾਲ ਕੀਤੇ ਜਾਣਗੇ।ਸਾਰੀਆਂ ਕੱਟੀਆਂ ਬੁੱਢਾਪਾ ਪੈਨਸ਼ਨਾਂ ਵੀ ਬਹਾਲ ਕਰਕੇ ਲੋਕਾਂ ਨੁੰ ਸ਼ਗਨ ਸਕੀਮ ਦੇ ਲਾਭ ਸਮੇਤ ਸਾਰੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਤੇ ਐਸ.ਸੀ ਸਕਾਲਰਸ਼ਿਪ ਵੀ ਸਮੇਂ ਸਿਰ ਮਿਲਣੀ ਯਕੀਨੀ ਬਣਾਈ ਜਾਵੇਗੀ।ਕਮਜ਼ੋਰ ਵਰਗਾਂ ਦੇ ਪਰਿਵਾਰ ਦੀਆਂ ਮੁਖੀ ਮਹਿਲਾਵਾਂ ਨੁੰ 2 ਹਜ਼ਾਰ ਰੁਪਏ ਦੀ ਸਹਾਇਤਾ ਸਮੇਤ ਨਵੀਆਂ ਸਮਾਜ ਭਲਾਈ ਸਕੀਮਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।ਮਾਲ ਮੰਡੀ ਪ੍ਰੋਗਰਾਮ ‘ਚ ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਸਾਹਿਲ ਦੀਵਾਨ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ।ਇਸ ਸਮੇਂ ਭਾਜਪਾ ਦੇ ਕਈ ਆਗੂ ਵੀ ਪਾਰਟੀ ਵਿਚ ਸ਼ਾਮਲ ਹੋਏ।ਇਹਨਾਂ ਕਾਂਗਰਸੀ ਤੇ ਭਾਜਪਾ ਆਗੂਆਂ ਵਿੱਚ ਦਵਿੰਦਰ ਸਿੰਘ, ਵਿਸ਼ਾਲ ਠਾਕੁਰ, ਅਵਤਾਰ ਸਿੰਘ, ਕਨੱਈਆ ਰਾਏ, ਸਿਮਰ ਵਾਲੀਆ, ਗੌਰਵ ਦੀਵਾਨ, ਰੋਹਿਤ, ਸਨੀ, ਗੁਰਪ੍ਰੀਤ, ਪ੍ਰਿੰਸ ਬੱਬਰ, ਕਰਨਵੀਰ, ਕੁਲਵਿੰਦਰ ਸਿੰਘ, ਜਗਸੀਰ ਸਿੰਘ ਭੁੱਲਰ, ਰਾਕੇਸ਼ ਕੁਮਾਰ, ਭਾਊ ਸੁਰੇਸ਼, ਮਸਤ ਰਾਮ, ਸਤਨਾਮ ਸਿੰਘ, ਕਸ਼ਮੀਰ ਸਿੰਘ, ਭਾਊ ਰਾਜਿੰਦਰ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਲਾਲੀ ਤੇ ਵੀਰ ਸਿੰਘ ਸ਼ਾਮਲ ਹਨ।
ਇਹਨਾਂ ਸਮਾਗਮਾਂ ਵਿਚ ਰਣਜੀਤ ਸਿੰਘ ਗੋਲਡੀ, ਗੁਰਨਾਮ ਸਿੰਘ, ਸੋਨੁੰ ਸਿੰਘ, ਵਿਨੇ ਕੁਮਾਰ, ਗੌਰਵ ਹਾਈਲੈਂਡ, ਸੁਰੀਜਤ ਸਿੰਘ, ਦੇਬੂ ਤੇ ਭੁਪਿੰਦਰ ਸਿੰਘ ਨੇ ਸਰਗਰਮ ਭੂਮਿਕਾ ਅਦਾ ਕੀਤੀ।
Punjab Post Daily Online Newspaper & Print Media