Thursday, March 5, 2026

ਵਾਈਸ ਚਾਂਸਲਰ ਪ੍ਰੋ. (ਡਾ.) ਸੰਧੂ ਵੱਲੋਂ ‘ਸਾਡਾ ਸੋਹਣਾ ਪੰਜਾਬ’ ਕੌਫ਼ੀ ਟੇਬਲ ਸਚਿੱਤਰ ਪੁਸਤਕ ਲੋਕ ਅਰਪਣ

ਅੰਮ੍ਰਿਤਸਰ, 3 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਅੱਜ ਇਥੇ ਵਿਸ਼ਵ ਵੈਟਲੈਂਡਸ ਡੇਅ ਮੌਕੇ “ਸਾਡਾ ਸੋਹਣਾ ਪੰਜਾਬ” ਨਾਮੀ ਕੌਫ਼ੀ ਟੇਬਲ ਸਚਿੱਤਰ ਪੁਸਤਕ ਦਾ ਅੰਮ੍ਰਿਤਸਰ ਜਿਲ੍ਹੇ ਵਿਚ ਲੋਕ ਅਰਪਣ ਕੀਤਾ।ਪੰਜਾਬ ਦੇ ਕੁਦਰਤੀ ਧਰਤ ਦ੍ਰਿਸ਼ਾਂ ਦੀ ਸੁੰਦਰਤਾ ਨੂੰ ਉਜਾਗਰ ਕਰਨ ਵਾਲੀ ਇਹ ਕੌਫ਼ੀ ਟੇਬਲ ਬੁੱਕ “ਸਾਡਾ ਸੋਹਣਾ ਪੰਜਾਬ” ਹਰਪ੍ਰੀਤ ਸੰਧੂ ਚੇਅਰਮੈਨ ਪੰਜਾਬ ਇੰਫੋਟੈਕ ਵਲੋਂ ਬਣਾਈ ਗਈ ਹੈ।ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਓ.ਐਸ.ਡੀ  ਪ੍ਰੋ. ਸਰਬਜੋਤ ਸਿੰਘ ਬਹਿਲ ਵੀ ਇਸ ਸਮੇਂ ਹਾਜ਼ਰ ਸਨ।
                   ਪੰਜਾਬ ਦੇ ਕੁਦਰਤੀ ਧਰਤ ਦ੍ਰਿਸ਼ਾਂ ਦੀ ਸੁੰਦਰਤਾ ਨੂੰ ੳਜਾਗਰ ਕਰਨ ਵਾਲੀ ਇਹ ਕੌਫ਼ੀ ਟੇਬਲ ਬੁੱਕ ਸਾਡਾ ਸੋਹਣਾ ਪੰਜਾਬ, ਪੰਜਾਬ ਦੇ ਧਰਤ ਦ੍ਰਿਸ਼ਾਂ ਦੀ ਦਿਲਕਸ਼ ਕੁਦਰਤੀ ਸੁੰਦਰਤਾ ਦਾ ਜਲੌਅ ਹੈ।ਇਸ ਵਿਚ ਪੰਜਾਬ ਦੀਆਂ ਰਮਣੀਕ ਥਾਂਵਾਂ, ਸੰਘਣੇ ਜੰਗਲਾਂ ਦੇ ਵਿਸ਼ਾਲ ਦ੍ਰਿਸ਼ਾਂ ਅਤੇ ਝਮ ਝਮ ਕਰਦੇ ਨੀਲੇ ਪਾਣੀਆਂ ਵਾਲੇ ਸ਼ੂਕਦੇ ਭਰ ਵਗਦੇ ਦਰਿਆਵਾਂ ਦੇ ਦੀਦਾਰ ਹੁੰਦੇ ਹਨ।
                 ਪ੍ਰੋ. ਸੰਧੂ ਨੇ ਪੁੁਸਤਕ ਰਿਲੀਜ਼ ਉਪਰੰਤ ਕਿਹਾ ਕਿ ਕੁਦਰਤ ਨੇ ਪੰਜਾਬ ਨੂੰ ਸਾਰੀਆਂ ਰੁੱਤਾਂ ਦੇ ਰੰਗ ਬਖ਼ਸ਼ੇ ਹਨ।ਆਸਪਾਸ ਪਸਰੀ ਕੁਦਰਤ ਦੀ ਸੁੰਦਰਤਾ ਸਾਡੇ ਲਈ ਪਰਮਾਤਮਾ ਦੀ ਮਹਾਨ ਬਖ਼ਸ਼ਿਸ਼ ਹੈ।ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਸਭ ਤੋਂ ਸੁਹਣੇ ਦਰਸ਼ਣੀ ਸਥਾਨਾਂ ਨੂੰ ਸਫ਼ਿਆਂ ਵਿੱਚ ਸੰਜੋਣ ਵਾਲ਼ੀ ਇਹ ਕੌਫ਼ੀ ਟੇਬਲ ਬੁੱਕ ਪੰਜਾਬ ਦੇ ਲੋਕਾਂ ਲਈ ਇਕ ਯਾਦਗਾਰੀ ਅਨੁਭਵ ਹੋਵੇਗੀ।ਇਸ ਪੁਸਤਕ ਵਿਚ ਪੰਜਾਬ ਦੀ ਅਨੂਠੀ ਕੁਦਰਤ ਦੇ ਨੇੜਿਓਂ ਦੇਖੇ ਦ੍ਰਿਸ਼ ਹਨ।
                    ਇਸ ਪੁਸਤਕ ਵਿਚ ਅਸੀਂ ਕੁਦਰਤ ਦਾ ਬਦਲਦਾ ਹੋਇਆ ਰੂਪ ਦੇਖਦੇ ਹਾਂ ਕਿਉਂ ਕਿ ਇਸ ਵਿਚਲੀਆਂ ਤਸਵੀਰਾਂ ਸ਼੍ਰੀ ਹਰਪ੍ਰੀਤ ਸੰਧੂ ਨੇ ਲੌਕਡਾਊਨ ਦੇ ਦਿਨਾਂ ਵਿੱਚ ਖਿੱਚੀਆਂ।ਲੌਕਡਾਊਨ ਤੋਂ ਪਹਿਲਾਂ ਦੀ ਅਤੇ ਲੌਕਡਾਊਨ ਤੋਂ ਬਾਅਦ ਦੀ ਕੁਦਰਤੀ ਸੁੰਦਰਤਾ ਵਿਚਲਾ ਬਹੁਤ ਵੱਡਾ ਵਖਰੇਵਾਂ ਇਸ ਪੁਸਤਕ ਦੀਆਂ ਜਿਨ੍ਹਾਂ ਤਸਵੀਰਾਂ ਵਿਚ ਅਸੀਂ ਬਹੁਤ ਉਘੜਵੇਂ ਰੂਪ ਵਿਚ ਦੇਖ ਸਕਦੇ ਹਾਂ, ਉਹ ਹਨ : ਮਾਛੀਵਾੜੇ ਦਾ ਜੰਗਲ, ਖੰਨਾ, ਰਾਹੋਂ ਦੇ ਕੋਲ, ਰੋਪੜ ਡੈਮ, ਨੰਗਲ ਡੈਮ, ਆਨੰਦਪੁਰ ਸਾਹਿਬ ਦੇ ਕੋਲ ਦਰਿਆ, ਹਰੀਕੇ ਪੱਤਣ ਦਰਿਆ ਬਿਆਸ ਅਤੇ ਸਤਲੁਜ ਦਾ ਸੰਗਮ, ਸ਼ਾਹ ਪੁਰ ਕੰਡੀ ਡੈਮ, ਰਣਜੀਤ ਸਾਗਰ ਡੈਮ (ਪਠਾਨਕੋਟ) ਅਤੇ ਥਾਰ ਝੀਲ, ਪੌਂਗ ਡੈਮ, 52 ਗੇਟ ਝੀਲ ਜੋ ਦਰਿਆ ਸਤਲੁਜ ਅਤੇ ਬਿਆਸ ਦੇ ਕੰਢਿਆਂ ਸਥਿਤ ਹੈ ।
                   ਇਸ ਪੁਸਤਕ ਦਾ ਮੁੱਖ ਮੰਤਵ ਪੰਜਾਬੀਆਂ ਨੂੰ ਇਹ ਉੱਚਾ ਸੁੱਚਾ ਤੇ ਸਪੱਸ਼ਟ ਸੰਦੇਸ਼ ਦੇਣਾ ਹੈ ਕਿ ਇਸ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਕੁਦਰਤ ਵਿੱਚ ਹੀ ਵਸਦਾ ਹੈ।ਕੁਦਰਤ ਮਾਨਵਤਾ ਲਈ ਮਾਂ ਦਾ ਦਰਜ਼ਾ ਰੱਖਦੀ ਹੈ।ਕੁਦਰਤ ਬਿਨਾਂ ਮਾਨਵ ਦਾ ਜੀਵਨ ਅਤੇ ਹੋਂਦ ਹੀ ਸੰਭਵ ਨਹੀਂ।ਇਸ ਪੁਸਤਕ ਦਾ ਇਕ ਉਦੇਸ਼ ਇਹ ਵੀ ਹੈ ਕਿ ਪੰਜਾਬ ਦੇ ਲੋਕ ਅਪਣੀ ਧਰਤੀ ਦੀ ਕੁਦਰਤੀ ਦੌਲਤ ਅਤੇ ਉਨ੍ਹਾਂ ਸੁਹਣੀਆਂ ਥਾਂਵਾਂ ਤੋਂ ਵਾਕਿਫ਼ ਹੋਣ, ਜਿਹੜੀਆਂ ਥਾਂਵਾਂ ਤੇ ਬਹੁਤ ਘੱਟ ਲੋਕ ਜਾਂਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …