Wednesday, July 22, 2026

ਵਪਾਰ ਨੂੰ ਉਤਸ਼ਾਹਿਤ ਕਰਨ ਨਾਲ ਹੀ ਵਪਾਰੀਆਂ ਦੀ ਆਰਥਿਕ ਪੱਖੋਂ ਮਜ਼ਬੂਤੀ ਜਰੂਰੀ – ਵਪਾਰ ਮੰਡਲ

ਬਜ਼ਟ-2022 ਵਿੱਚ ਛੋਟੇ ਅਤੇ ਮੱਧਮ ਵਪਾਰੀਆਂ ਨੂੰ ਨਹੀਂ ਮਿਲੀ ਕੋਈ ਰਾਹਤ

ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵੱਖ-ਵੱਖ ਟਰੇਡ ਨਾਲ ਸਬੰਧਤ ਵਪਾਰੀਆਂ ਨੇ ਹਾਲ ਹੀ ਵਿੱਚ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜ਼ਟ ਸਬੰਧੀ ਵਿਚਾਰ ਵਟਾਂਦਰਾ ਕੀਤਾ।ਵਪਾਰੀਆਂ ਨੇ ਆਖਿਆ ਕਿ ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਬਜ਼ਟ ਵਪਾਰੀ ਵਰਗ ਲਈ ਨਿਰਾਸ਼ਾ ਭਰਿਆ ਰਿਹਾ।ਜਦਕਿ ਦੇਸ਼ ਦਾ ਸਮੂਹ ਵਪਾਰੀ ਵਰਗ ਇਸ ਬਜ਼ਟ ਤੋਂ ਕਾਫੀ ਉਮੀਦਾਂ ਲਗਾਈ ਬੈਠਾ ਸੀ।ਹਾਲਾਂਕਿ ਵਪਾਰ ਨੂੰ ਉਤਸ਼ਾਹਿਤ ਕਰਕੇ ਹੀ ਆਰਥਿਕ ਪੱਖੋਂ ਮਜ਼ਬੂਤੀ ਲਿਆਂਦੀ ਜਾ ਸਕਦੀ ਹੈ।ਪਰ ਇਸ ਬਜ਼ਟ ਵਿੱਚ ਅਜਿਹਾ ਕੁੱਝ ਵਪਾਰੀ ਵਰਗ ਨੂੰ ਨਹੀਂ ਮਿਲਿਆ।
                    ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਯੂਨਿਟ ਪ੍ਰਧਾਨ ਪਵਨ ਗੁੱਜਰਾਂ, ਸਕੱਤਰ ਚੰਦਰ ਪ੍ਰਕਾਸ਼, ਖਜ਼ਾਨਚੀ ਪ੍ਰਵੀਨ ਕੁਮਾਰ ਨੇ ਆਖਿਆ ਕਿ ਪਿਛਲੇ ਲਗਭਗ ਦੋ ਸਾਲਾਂ ਤੋਂ ਚੱਲ ਰਹੀ ਕੋਰੋਨਾ ਮਹਾਮਾਰੀ ਨੇ ਆਮ ਲੋਕਾਂ ਦੇ ਨਾਲ-ਨਾਲ ਵਪਾਰ ਉਪਰ ਮਾੜਾ ਅਸਰ ਪਾਇਆ ਹੈ।ਜਿਸ ਨਾਲ ਸਭ ਤੋਂ ਜ਼ਿਆਦਾ ਨਿਰਾਸ਼ਾ ਛੋਟੇ ਵਪਾਰੀਆਂ ਅਤੇ ਮੱਧਮ ਵਰਗ ਦੇ ਕਰ ਅਦਾ ਕਰਨ ਵਾਲਿਆਂ ਨੂੰ ਹੋਈ ਹੈ।ਕਿਉਂਕਿ ਇਹਨਾਂ ਵਰਗਾਂ ਨੂੰ ਕਿਸੇ ਪਾਸੋਂ ਰਾਹਤ ਨਹੀਂ ਮਿਲੀ ਹੈ।ਉਹਨਾਂ ਆਖਿਆ ਕਿ ਕੋਰੋਨਾ ਕਾਰਨ ਵਪਾਰ ਜਗਤ ਵਿੱਚ ਆਈ ਗਿਰਾਵਟ ਤੇ ਇਨਕਮ ਟੈਕਸ ਸਲੈਬ ਵਿੱਚ ਰਾਹਤ ਦੀ ਉਮੀਦ ਜਗਾਈ ਸੀ, ਜੋ ਕਾਰਪੋਰੇਟ ਟੈਕਸ ਦੀ ਤਰਜ਼ ‘ਤੇ 22 ਫੀਸਦੀ ਕਰਨ ਲਈ ਵਪਾਰੀ ਵਰਗ ਨੇ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਸੀ।ਸਰਕਾਰ ਵੱਲੋਂ ਵਾਰ-ਵਾਰ ਵਪਾਰੀਆਂ ਨੂੰ ਰਾਹਤ ਦਿੱਤੇ ਜਾਣ ਦਾ ਵੀ ਢਿੰਡੋਰਾ ਪਿੱਟਿਆ ਜਾ ਰਿਹਾ ਸੀ, ਪਰ ਉਸਦੇ ਮੁਕਾਬਲੇ ਵਪਾਰੀਆਂ ਦੀ ਸਭ ਤੋਂ ਵੱਡੀ ਮੰਗ ਇਨਕਮ ਟੈਕਸ ਦੀ ਸਲੈਬ ਬਦਲਣ ਦੀ ਸੀ, ਜਿਸ ਨੂੰ ਨਹੀਂ ਬਦਲਿਆ ਗਿਆ।ਇਸ ਬਜ਼ਟ ਨਾਲ ਵਪਾਰੀਆਂ ਨੂੰ ਨਾ ਹੀ ਕੋਈ ਲਾਭ ਹੋਇਆ ਹੈ ਅਤੇ ਨਾ ਹੀ ਕੋਈ ਨੁਕਸਾਨ, ਅਜਿਹੇ ਵਿੱਚ ਵਪਾਰਕ ਸੰਗਠਨਾਂ ਨਾਲ ਜੁੜੇ ਲੋਕਾਂ ਨੂੰ ਮੌਜ਼ੂਦਾ ਸਮੇਂ ਵਿੱਚ ਰਾਹਤ ਪੈਕੇਜ ਦੀ ਜ਼ਿਆਦਾ ਲੋੜ ਸੀ।ਵਪਾਰੀ ਆਗੂਆਂ ਨੇ ਆਖਿਆ ਕਿ ਵਪਾਰੀ ਵਰਗ ਜੀ.ਐਸ.ਟੀ ਦੀ ਔਖੀ ਪ੍ਰਕਿਰਿਆ ਤੋਂ ਬੇਹੱਦ ਪਰੇਸ਼ਾਨ ਹੈ ਅਤੇ ਜੀ.ਐਸ.ਟੀ ਦੀਆਂ ਕਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਵਪਾਰੀ ਨੂੰ ਵੀ ਇਸ ਦੀ ਅਸਾਨੀ ਨਾਲ ਸਮਝ ਆ ਸਕੇ।ਉਹਨਾਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਪੰਜਾਬ ਸੂਬੇ ਦੀ ਇੰਡਸਟਰੀ ਬਾਹਰੀ ਸੂਬਿਆਂ ਵਿੱਚ ਚਲੀਆਂ ਗਈਆਂ ਜਿਸ ਦਾ ਪੰਜਾਬ ਸੂਬੇ ਨੂੰ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ।ਵਪਾਰੀਆਂ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਵਨ ਨੇਸ਼ਨ-ਵਨ ਟੈਕਸ ਲਾਗੂ ਕਰਕੇ ਆਪਣੀ ਆਮਦਨ ਤਾਂ ਵਧਾ ਲਈ ਪਰ ਵਪਾਰੀਆਂ ਲਈ ਕੁੱਝ ਨਹੀਂ ਕੀਤਾ।ਉਹਨਾਂ ਮੰਗ ਕੀਤੀ ਕਿ 60 ਸਾਲ ਤੋਂ ਬਾਅਦ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਦੀ ਪੈਨਸ਼ਨ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਬੁਢਾਪੇ ਵਿੱਚ ਵਪਾਰੀ ਨੂੰ ਕਿਸੇ ਦੇ ਆਸਰੇ ਨਾ ਰਹਿਣਾ ਪਵੇ।
                ਇਸ ਮੌਕੇ ਵੱਖ-ਵੱਖ ਟਰੇਡ ਨਾਲ ਸਬੰਧਤ ਵਪਾਰੀ ਰਾਮ ਲਾਲ ਗੋਇਲ, ਰਾਜ਼ੇਸ਼ ਕੁਮਾਰ, ਸ਼ੀਸ਼ਨ ਕੁਮਾਰ, ਸੋਮ ਨਾਥ ਵਰਮਾ, ਰਾਜੀਵ ਸਿੰਗਲਾ, ਅਜੇ ਮਸਤਾਨੀ ਤੇ ਅਮਰ ਨਾਥ ਵੀ ਮੌਜ਼ੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …