ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕਲ ਵਿਖੇ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਕੌਮਾਂਤਰੀ ਮਾਂ
ਬੋਲੀ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਂ-ਬੋਲੀ ਦੀ ਮਹੱਤਤਾ ਤੇ ਸਮਕਾਲੀ ਚੁਣੌਤੀਆਂ’ ਵਿਸ਼ੇ ’ਤੇ ਵਿਚਾਰ ਚਰਚਾ ਹੋਈ।ਇਸ ਵਿਚਾਰ ਚਰਚਾ ’ਚ ਜ਼ਿਲ੍ਹਾ ਸਿੱਖਿਆ ਅਫਸਰ ਜੁਗਰਾਜ ਸਿੰਘ ਰੰਧਾਵਾ, ਜ਼ਿਲ੍ਹਾ ਭਾਸ਼ਾ ਅਫਸਰ ਹਰਮੇਸ਼ ਕੌਰ ਯੋਧੇ, ਖੋਜ਼ ਅਫਸਰ ਬਲਜੀਤ ਕੌਰ ਤੇ ਸੀਨੀਅਰ ਸਹਾਇਕ ਹਰਜੀਤ ਸਿੰਘ ਅਤੇ ਆਏ ਮਹਿਮਾਨਾਂ ਨੂੰ ਸਕੂਲ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ‘ਜੀ ਆਇਆਂ’ ਆਖਿਆ।
ਡਾ. ਗੋਗੋਆਣੀ ਨੇ ਸੰਬੋਧਨੀ ਭਾਸ਼ਣ ’ਚ ਕਿਹਾ ਕਿ ਮਨੁੱਖੀ ਸਖ਼ਸ਼ੀਅਤ ਦੇ ਵਿਕਾਸ ਵਿਚ ਮਾਤ ਭਾਸ਼ਾ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ।ਇਸ ਲਈ ਹਰ ਪੰਜਾਬੀ ਨੂੰ ਘਰ ਜਾਂ ਵਪਾਰਕ ਅਦਾਰਿਆਂ ’ਚ ਖੁਸ਼ੀ, ਗਮੀ ਦੇ ਸੱਦਾ ਪੱਤਰ ਵੀ ਪੰਜਾਬੀ ’ਚ ਹੀ ਛਪਵਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਾਡਾ ਧਰਮ ਗ੍ਰੰਥ ਵੀ ਪੰਜਾਬੀ ’ਚ ਹੋਣ ਕਰਕੇ ਕੌਮੀ ਵਾਰਸਾਂ ਨੂੰ ਆਪਣੀ ਭਾਸ਼ਾ ਦਾ ਵੱਧ ਤੋੋਂ ਵੱਧ ਗਿਆਨ ਹੋਣਾ ਚਾਹੀਦਾ ਹੈ।
ਜ਼ਿਲ੍ਹਾ ਭਾਸ਼ਾ ਅਫਸਰ ਹਰਮੇਸ਼ ਕੌਰ ਯੋਧੇ ਵਲੋਂ ਵਿਦਿਆਰਥੀਆਂ ਅਤੇ ਹਾਜ਼ਰ ਪਤਵੰਤਿਆਂ ਨੂੰ ਮਾਂ ਬੋਲੀ ਦੇ ਵਿਕਾਸ ਬਾਰੇ ਪ੍ਰਣ ਕਰਵਾਉਂਦਿਆਂ ਕਿਹਾ ਕਿ ਸਾਨੂੰ ਪੰਜਾਬੀ ਬੋਲਣੀ, ਲਿਖਣੀ ਅਤੇ ਖਾਸ ਕਰ ਸ਼ੁੱਧ ਪੰਜਾਬੀ ਬਾਰੇ ਗਿਆਨ ਹੋਣਾ ਚਾਹੀਦਾ ਹੈ।ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।ਜ਼ਿਲ੍ਹਾ ਸਿੱਖਿਆ ਅਫਸਰ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਮਾਂ ਬੋਲੀ ਨੂੰ ਬਚਾਉਣ ਵਾਸਤੇ ਭਾਸ਼ਾ ਵਿਭਾਗ ਅੰਮ੍ਰਿਤਸਰ ਦਾ ਬਹੁਤ ਵਧੀਆ ਉਪਰਾਲਾ ਹੈ।ਪਰ ਦੁੱਖ ਦੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲੋਂ ਦੂਰ ਜਾ ਰਹੀ ਹੈ।ਉਹ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਾਬਤ ਕਰਨ ਲਈ ਅੰਗਰੇਜ਼ੀ ਬੋਲਦੇ ਹਨ।
ਉਨ੍ਹਾਂ ਕਿਹਾ ਕਿ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ, ਪਰ ਆਪਣੀ ਮਾਂ ਬੋਲੀ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ।ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮਾਪਿਆਂ ਦਾ ਬਿਰਧ ਆਸ਼ਰਮ ਵਿਚ ਜਾਣ ਦਾ ਕਾਰਨ ਵੀ ਇਹੋ ਲੱਗਦਾ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਾਂ।ਡਾ: ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਜੇ ਕੁੱਝ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਉਹ ਆਪਣੀ ਮਾਂ ਬੋਲੀ ਵਿਚ ਹੀ ਹੋ ਸਕਦਾ ਹੈ।ਖ਼ਾਲਸਾ ਕਾਲਜ ਦੇ ਪ੍ਰੋਫੈਸਰ ਡਾ: ਹੀਰਾ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਉਹੀ ਭਾਸ਼ਾ ਵਿਕਸਤ ਹੈ ਜਿਸ ਕੋਲ ਟੈਕਨਾਲੋਜੀ ਹੈਅਸਲ ’ਚ ਜ਼ਿੰਦਗੀ ਜਿਊਣ ਦੀ ਭਾਸ਼ਾ ਹੀ ਪੰਜਾਬੀ ਹੈ।ਡਾ: ਅਰਵਿੰਦਰ ਸਿੰਘ ਚਮਕ ਨੇ ਕਿਹਾ ਕਿ ਆਪਣੀ ਜ਼ੁਬਾਨ ਕਰਕੇ ਹੀ ਮਨੁੱਖ ਸਾਰੀ ਜ਼ਿੰਦਗੀ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ, ਕਿਉਂਕਿ ਪੰਜਾਬੀ ਬਹੁਤ ਮਿੱਠੀ ਜ਼ੁਬਾਨ ਹੈ।ਜਨਾਬ ਦੇਵ ਹਿੰਦਵੀ ਉਰਦ ਅਦਬ ਦੇ ਸ਼ਾਇਰ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ ਨੂੰ ਬਚਾਉਣਾ ਬਹੁਤ ਜਰੂਰੀ ਹੈ।ਜਿੰਨਾਂ ਹੋ ਸਕਦਾ ਹੈ ਉਨ੍ਹਾਂ ਪੰਜਾਬੀ ਵਿੱਚ ਜ਼ਰੂਰ ਲਿਖੋ।ਇਸ ਸਮਾਗਮ ਵਿਚ ਪ੍ਰਬੰਧਕਾਂ ਵਲੋਂ ਨਿਵੇਕਲਾ ਕਦਮ ਉਠਾਉਂਦਿਆਂ ਸਮੂਹ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੀ ਜਗ੍ਹਾ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ‘ਮਹਾਨ ਕੋਸ਼’ ਸਨਮਾਨ ਵਜੋਂ ਦਿੱਤੇ ਗਏ।
ਇਸ ਮੌਕੇ ਅਜੀਤ ਸਿੰਘ ਨਬੀਪੁਰੀ, ਗੁਰਵੇਲ ਸਿੰਘ ਕੋਹਾਲਵੀ, ਸੁਖਬੀਰ ਸਿੰਘ ਖੁਰਮਣੀਆਂ, ਜਤਿੰਦਰ ਕੌਰ, ਪ੍ਰਿੰ: ਜੀ.ਐਸ. ਨਾਗਪਾਲ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਕਵਿਤਾ ਅਤੇ ਵਾਰਤਕ ਰੂਪ ਵਿੱਚ ਪ੍ਰਗਟ ਕੀਤੇ।ਇਸ ਤੋਂ ਇਲਾਵਾ ਵਿਦਿਆਰਥੀ ਵਰਗ ਵਿੱਚੋਂ ਸੁਰਪ੍ਰੀਤ ਸਿੰਘ, ਸਾਹਿਲਪ੍ਰੀਤ ਨਗਰ, ਰਿੰਪਲ ਕੰਬੋਜ਼, ਹੁਸਨਪ੍ਰੀਤ ਸਿੰਘ ਨੇ ਮਾਂ ਬੋਲੀ ਨਾਲ ਸਬੰਧਿਤ ਭਾਵਪੂਰਵਕ ਕਵਿਤਾਵਾਂ ਗਾਇਨ ਕੀਤੀਆਂ।ਇਸ ਸਮੁੱਚੇ ਸਮਾਗਮ ਸਮੇਂ ਮੰਚ ਦੀ ਜ਼ਿੰਮੇਵਾਰੀ ਮਰਕਸ ਪਾਲ ਗੁਮਟਾਲਾ ਨੇ ਬਾਖ਼ੂਬੀ ਨਿਭਾਈ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media