ਹੁਣ ਤੱਕ ਜਿਲ੍ਹੇ ਦੇ 8 ਪਰਿਵਾਰਾਂ ਨੇ ਹੈਲਪਲਾਈਨ ‘ਤੇ ਕੀਤਾ ਸੰਪਰਕ
ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਯੁਕਰੇਨ ‘ਚ ਫਸੇ ਹੋਏ ਜਿਲ੍ਹਾ ਸੰਗਰੂਰ ਦੇ ਵਿਦਿਆਰਥੀਆਂ ਸਮੇਤ ਹੋਰ ਨਾਗਰਿਕਾਂ ਬਾਰੇ ਜਾਣਕਾਰੀ ਹਾਸਿਲ ਕਰਨ
ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਿਛਲੇ ਦਿਨੀਂ ਜਾਰੀ ਕੀਤੇ ਹੈਲਪਲਾਈਨ ਨੰਬਰ ਅਤੇ ਈ-ਮੇਲ ਆਈ.ਡੀ ‘ਤੇ ਹੁਣ ਤੱਕ 8 ਵਿਦਿਆਰਥੀਆਂ ਬਾਰੇ ਸੂਚਨਾ ਪ੍ਰਾਪਤ ਹੋਈ ਹੈ, ਜਿਨ੍ਹਾਂ ਦੇ ਪਰਿਵਾਰਾਂ ਨਾਲ ਪ੍ਰਸ਼ਾਸ਼ਨ ਵਲੋਂ ਤਾਲਮੇਲ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਵੱਖ-ਵੱਖ ਸਬ ਡਵੀਜ਼ਨਾਂ ਦੇ ਅਧਿਕਾਰੀਆਂ ਨੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਹੈ ਅਤੇ ਇਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰਾਜ ਸਰਕਾਰ ਰਾਹੀਂ ਕੇਂਦਰ ਸਰਕਾਰ ਨਾਲ ਇਨ੍ਹਾਂ ਦੇ ਵੇਰਵੇ ਸਾਂਝੇ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੈਲਪਲਾਈਨ ‘ਤੇ ਹੁਣ ਤੱਕ ਮੂਨਕ ਦੇ ਵਾਰਡ ਨੰਬਰ 12 ਦੇ ਵਸਨੀਕ ਸੌਰਵ, ਸੁਨਾਮ ਦੇ ਧੀਰਜ ਵਰਮਾ, ਉਪਲੀ ਸੰਗਰੂਰ ਦੇ ਹਰਦੀਪ ਸਿੰਘ, ਪਿੰਡ ਰਾਣੀਕੇ ਧੂਰੀ ਦੇ ਰੋਹਿਤ ਕੁਮਾਰ ਸ਼ਰਮਾ, ਲਹਿਰਾਗਾਗਾ ਦੇ ਹਰਿੰਦਰ ਸਿੰਘ, ਮੰਡਵੀ ਮੂਨਕ ਤੋਂ ਮਹਿਕ, ਮੂਨਕ ਦੀ ਮਨਪ੍ਰੀਤ ਕੌਰ ਅਤੇ ਪੂਨੀਆ ਕਲੋਨੀ ਸੰਗਰੂਰ ਦੇ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹੀ ਸੰਪਰਕ ਕੀਤਾ ਹੈ।ਜਿਸ ਸਬੰਧੀ ਸਰਕਾਰ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੁਕਰੇਨ ਵਿੱਚ ਫਸੇ ਹਨ ਉਹ ਉਨ੍ਹਾਂ ਦੀ ਸੂਚਨਾ ਹੈਲਪਲਾਈਨ ਨੰਬਰ 01672-231080 ਜਾਂ ਈਮੇਲ ਆਈ.ਡੀ controlroom.dcofficesgr@yahoo.com ‘ਤੇ ਮੁਹੱਈਆ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਵਲੋਂ ਇਕ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ।ਜਿਸ ਵਿਚ ਯੁਕਰੇਨ ‘ਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੁਕਰੇਨ ਵਿੱਚ ਪਤਾ, ਯੁਕਰੇਨ ਵਿੱਚ ਸੰਪਰਕ ਵੇਰਵਾ ਸਮੇਤ ਸੰਗਰੂਰ ਜ਼ਿਲ੍ਹੇ ਵਿੱਚ ਪਰਿਵਾਰਕ ਮੈਂਬਰ ਦਾ ਨਾਮ, ਸੰਪਰਕ ਨੰਬਰ, ਪਤਾ, ਯੁਕਰੇਨ ਵਿੱਚ ਫਸੇ ਵਿਅਕਤੀ ਨਾਲ ਰਿਸ਼ਤਾ ਅਤੇ ਕੋਈ ਹੋਰ ਜ਼ਰੂਰੀ ਜਾਣਕਾਰੀ ਭਰ ਕੇ ਹੈਲਪਲਾਈਨ ਨੰਬਰ 01672-231080 ਅਤੇ ਈ-ਮੇਲ controlroom.dcofficesgr@yahoo.com `ਤੇ ਦਿੱਤੀ ਜਾ ਸਕਦੀ ਹੈ।
Punjab Post Daily Online Newspaper & Print Media