ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਗੇਟ `ਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਕਾਲਜ਼ ਕਮੇਟੀ
ਵਲੋਂ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਸ਼ਹੀਦ ਦੀ ਸਾਮਰਾਜੀ ਵਿਰੋਧੀ ਵਿਰਾਸਤ ਨੂੰ ਅੱਗੇ ਤੋਰਦਿਆਂ ਰੂਸ ਵਲੋਂ ਯੂਕਰੇਨ `ਤੇ ਕੀਤੇ ਹਮਲੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਸਾਮਰਾਜੀ ਮੁਲਕ ਦੇ ਇਸ ਕਾਰੇ ਦੀ ਨਿਖੇਧੀ ਕੀਤੀ।
ਪੀ.ਐਸ.ਯੂ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਅਤੇ ਕੋਮਲ ਖਨੌਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਅਤੇ ਰੂਸ ਵਰਗੇ ਸਾਮਰਾਜੀ ਮੁਲਕਾਂ ਵੱਲੋਂ ਆਪਣੇ ਲੁਟੇਰੇ ਹਿਤਾਂ ਲਈ ਦੂਜੇ ਦੇਸਾਂ ਤੇ ਕੀਤੇ ਜਾ ਰਹੇ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਸਾਮਰਾਜੀ ਮੁਲਕਾਂ ਦਾ ਲੁੱਟ ਦਾ ਵੱਡਾ ਹਿੱਸਾ ਹੜੱਪਣ ਦੇ ਸੰਕਟ ਨੂੰ ਹੱਲ ਕਰਨ ਦਾ ਆਪਸੀ ਖਹਿਭੇੜ ਹੈ, ਜਿਸ ਨੂੰ ਕਿਰਤੀ ਲੋਕਾਂ `ਤੇ ਮੜ੍ਹਿਆ ਜਾ ਰਿਹਾ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਦੋਂ ਅਮਰੀਕੀ ਧਾੜਵੀਆਂ ਵਲੋਂ ਵੀਅਤਨਾਮ ਵਿੱਚ ਹਮਲੇ ਕੀਤੇ ਸਨ ਓਦੋਂ ਵੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਸ ਜੰਗ ਖਿਲਾਫ ਅਵਾਜ਼ ਉਠਾਈ ਸੀ ਅਤੇ ਅੱਜ ਜਦੋਂ ਰੂਸ ਦੇ ਹਾਕਮ ਯੂਕਰੇਨ ਨੂੰ ਤਹਿਸ ਨਹਿਸ ਕਰਨ ਤ’ੇ ਤੁਲੇ ਹੋਏ ਹਨ ਤਾਂ ਵੱਖ ਵੱਖ ਵਿਦਿਅਕ ਸੰਸਥਾਵਾਂ ਵਿਚੋਂ ਸਾਮਰਾਜੀ ਤਾਕਤਾਂ ਖਿਲਾਫ਼ ਆਵਾਜ਼ ਬੁਲੰਦ ਹੋ ਰਹੀ ਹੈ।ਵਿਦਿਆਰਥੀਆਂ ਆਗੂਆਂ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਸਬੰਧੀ ਕੇਂਦਰ ਸਰਕਾਰ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਉਸ ਨੇ ਜੰਗ ਲੱਗਣ ਦੀਆਂ ਸੰਭਾਵਨਾਵਾਂ ਬਣਦਿਆਂ ਹੀ ਯੂਕਰੇਨ `ਚੋਂ ਭਾਰਤੀਆਂ ਨੂੰ ਕੱਢਣ ਲਈ ਮੌਕੇ `ਤੇ ਪ੍ਰਬੰਧ ਨਹੀਂ ਕੀਤੇ।ਉਨ੍ਹਾਂ ਸਰਕਾਰ `ਤੇ ਇਹ ਵੀ ਦੋਸ਼ ਲਾਇਆ ਕਿ ਜੇਕਰ ਭਾਰਤ ਵਿੱਚ ਹੀ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਬੱਚਿਆਂ ਦੀ ਸਸਤੀ ਪੜ੍ਹਾਈ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਉਹ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਲਈ ਨਾ ਜਾਂਦੇ।
ਬੁਲਾਰਿਆਂ ਨੇ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਬੰਦ ਕਰਨ,ਅਮਨ ਸ਼ਾਂਤੀ ਬਹਾਲ ਕਰਨ, ਜੰਗ ਕਾਰਨ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਬੰਦੋਬਸਤ ਕਰਨ, ਦੇਸ਼ ਵਿਚਲੇ ਸਰਕਾਰੀ ਅਦਾਰਿਆਂ ਵਿੱਚ ਪੱਕੇ ਸਟਾਫ ਦਾ ਪ੍ਰਬੰਧ ਕਰਨ, ਨਵੇਂ ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹ ਕੇ ਸਸਤੀ ਸਿੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਵਿਦਿਆਰਥੀਆਂ ਆਗੂਆਂ ਨੇ ਬੀ.ਬੀ.ਐਮ.ਬੀ ਵਿੱਚ ਪੰਜਾਬ ਅਤੇ ਹਰਿਆਣਾ ਦਾ ਕੰਟਰੋਲ ਖ਼ਤਮ ਕਰਨ ਖਿਲਾਫ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਪਹਿਲਾਂ ਵਾਲੀ ਹਾਲਤ ਬਹਾਲ ਕਰਨ ਦੀ ਮੰਗ ਕੀਤੀ।ਇਸ ਮੌਕੇ ਸਟੇਜ ਸੁਖਚੈਨ ਸਿੰਘ ਪੁੰਨਾਵਾਲ ਨੇ ਸੰਭਾਲੀ।
ਇਸ ਮੌਕੇ ਜਸ਼ਨਪ੍ਰੀਤ ਕੌਰ, ਵੀਰਪਾਲ ਕੌਰ, ਰਜਿੰਦਰ ਕੌਰ ਭੂਰੇ, ਜਸ਼ਨ ਚੰਗਾਲ, ਵਰਿੰਦਰ ਕਣਕਵਾਲ, ਤਰਨ, ਹਰਪ੍ਰੀਤ ਕੌਰ, ਬੰਟੀ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media