ਸੰਗਰੂਰ, 11 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਸੈਂਟਰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਨੇੜਲੇ ਪਿੰਡ ਚੱੱਠੇ ਸੇਖਵਾਂ ਬਲਾਕ ਸੰਗਰੂਰ ਦੇ
ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਦੇ ਫਾਰਮ ‘ਤੇ ਕਨੋਲਾ ਗੋਭੀ ਸਰ੍ਹੋਂ, ਖੇਤੀ ਵਿਭਿੰਨਤਾ ਅਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਖੇਤ ਦਿਵਸ ਅਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਗੋਭੀ ਸਰੋਂ ਤੋਂ ਵੱਧ ਝਾੜ ਲੈਣ ਦੇ ਨੁਕਤੇ ਸਾਂਝੇ ਕਰਦਿਆਂ ਇਸ ਫਸਲ ਦੀ ਕਟਾਈ, ਸੰਭਾਲ, ਮੰਡੀਕਰਨ ਅਤੇ ਪ੍ਰੋਸੈਸਿੰਗ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਉਹਨਾਂ ਖੇਤੀ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਮੱਕੀ, ਮੂੰਗੀ, ਛੋਲੇ, ਸਬਜ਼ੀਆਂ ਅਤੇ ਹਰੇ ਚਾਰੇ ਹੇਠ ਰਕਬਾ ਵਧਾਉਣ ਦੀ ਵਿਉਂਤਬੰਦੀ ਵੀ ਸਾਂਝੀ ਕੀਤੀ।ਉਹਨਾਂ ਕਿਸਾਨਾਂ ਨੂੰ ਆਪਣੇ ਹੀ ਖੇਤ ਵਿੱਚੋਂ ਘਰ ਦੀਆਂ ਲੋੜਾਂ ਮੁਤਾਬਿਕ ਸਬਜੀਆਂ, ਤੇਲ ਬੀਜ਼, ਦਾਲਾਂ, ਫਲ ਅਤੇ ਗੁੜ-ਸ਼ੱਕਰ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ।ਉਹਨਾਂ ਨੇ ਕੇ.ਵੀ.ਕੇ ਖੇੜੀ ਵਲੋਂ ਕਿਸਾਨਾਂ ਲਈ ਲਗਾਈਆਂ ਜਾ ਰਹੀਆਂ ਕਿੱਤਾਮੁੱਖੀ ਸਿਖਲਾਈਆਂ ਅਤੇ ਆਨਲਾਈਨ ਕਿਸਾਨ ਮੇਲਿਆਂ ਵਿੱਚ ਭਾਗ ਲੈਣ ਬਾਰੇ ਵੀ ਦੱਸਿਆ।
ਡਾ. ਅਸ਼ੋਕ ਕੁਮਾਰ ਨੇ ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ, ਛੋਟੇ ਤੱਤਾਂ ਦੀ ਘਾਟ ਅਤੇ ਪੂਰਤੀ ਦੇ ਨਾਲ ਨਾਲ ਮਿੱਟੀ ਪਰਖ ਬਾਰੇ, ਡਾ. ਰਵਿੰਦਰ ਕੌਰ ਨੇ ਘਰੇਲੂ ਬਗੀਚੀ, ਸਬਜੀਆਂ ਦੀ ਕਾਸ਼ਤ ਅਤੇ ਫਲਦਾਰ ਬੂਟਿਆਂ ਬਾਰੇ ਅਤੇ ਡਾ. ਸੁਨੀਲ ਕੁਮਾਰ ਨੇ ਖੇਤੀ ਵਿੱਚ ਮਸ਼ੀਨਰੀ ਦਾ ਮਹੱਤਵ ਅਤੇ ਸਮਾਰਟ ਸੀਡਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਅਮਨਦੀਪ ਸਿੰਘ ਨੇ ਗੋਭੀ ਸਰੋਂ ਦੀ ਜੀ.ਐਸ.ਸੀ 7 ਕਿਸਾਨ ਅਤੇ ਝੋਨੇ ਦੀ ਪੀ.ਆਰ 129 ਕਿਸਮ ਬਾਰੇ ਆਪਣੇ ਤਜ਼ੱਰਬੇ ਸਾਂਝੇ ਕੀਤੇ।ਅਖੀਰ ਵਿੱਚ ਕਨੋਲਾ ਅਤੇ ਰੇਲੀ ਸਰੋਂ ਖੇਤਾਂ ਦਾ ਨਿਰੀਖਣ ਅਤੇ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੇ ਗਰਮੀ ਰੁਤ ਦੀ ਮੂੰਗੀ ਅਤੇ ਮੱਕੀ ਬਾਰੇ ਪੁਛੇ ਸੁਆਲਾਂ ਦੇ ਜਵਾਬ ਦਿੱਤੇ ਗਏ।
ਇਸ ਮੌਕੇ ਯਾਦਵਿੰਦਰ ਸਿੰਘ, ਸੁਖਬੀਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਕਿਸਾਨ ਹਾਜ਼ਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media