ਅਕਾਲੀ ਦਲ ਵੱਲੋਂ ਗਠਜੋੜ ਪੱਕਾ, ਪਰ ਭਾਜਪਾ ਨੇ ਕੀਤਾ ਕੱਚਾ- ਸਿੰਗਲਾ

ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਪੱਕੇ ਤੋਂ ਉਸ ਸਮੇਂ ਕੱਚਾ ਹੋ ਗਿਆ ਜਦੋਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਸੱਦੀ ਸਾਂਝੀ ਪ੍ਰੈਸ ਕਾਨਫਰੰਸ ਚੋਂ ਭਾਜਪਾ ਨੇ ਪੂਰੀ ਤਰ੍ਹਾਂ ਪਾਸਾ ਵੱਟ ਲਿਆ।ਇਹ ਪ੍ਰੈਸ ਕਾਨਫਰੰਸ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਤੇ ਭਾਜਪਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਗੋਇਲ ਵੱਲੋਂ ਸੱਦੀ ਗਈ ਸੀ।ਇਸ ਵਿੱਚ ਇਹ ਸਾਫ਼ ਕਰਨਾ ਸੀ ਕਿ ਅਕਾਲੀ-ਭਾਜਪਾ ਨਗਰ ਨਿਗਮ ਚੋਣਾਂ ਮਿਲ ਕੇ ਲੜਨਗੇ ਅਤੇ ਕਿੰਨੀਆਂ-ਕਿੰਨੀਆਂ ਸੀਟਾਂ ਤੇ ਲੜਨਗੇ।ਪਰ ਇਸ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਦੇ ਪ੍ਰਧਾਨ ਪਰਮਿੰਦਰ ਗੋਇਲ ਨਾ ਪਹੁੰਚੇ।ਇੱਕ ਵਰਿੰਦਰ ਸ਼ਰਮਾ ਨਾਂਅ ਦਾ ਵਿਅਕਤੀ ਉਥੇ ਪਹੁੰਚਿਆ ਜਿਸ ਨੂੰ ਭਾਜਪਾ ਦਾ ਪ੍ਰੈਸ ਸਕੱਤਰ ਦੱਸਿਆ ਗਿਆ, ਪਰ ਕਿਸੇ ਵੀਂ ਪੱਤਰਕਾਰ ਨੇ ਉਸਦੇ ਪ੍ਰੈਸ ਸਕੱਤਰ ਹੋਣ ਦੀ ਗੱਲ ਪੂਰੀ ਤਰ੍ਹਾਂ ਹਜ਼ਮ ਨਾ ਕੀਤੀ।ਭਾਜਪਾ ਵੱਲੋਂ ਇਸ ਕਾਨਫਰੰਸ ਤੋਂ ਪਾਸਾ ਵੱਟਣ ਤੋਂ ਬਾਅਦ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਪੱਤਰਕਾਰਾਂ ਦਾ ਸਾਹਮਣਾ ਕਰਨਾ ਔਖਾ ਹੋ ਗਿਆ ਅਤੇ ਉਹ ਵਾਰ-ਵਾਰ ਇਹੀਂ ਕਹਿੰਦੇ ਰਹੇ ਕਿ ਅਕਾਲੀ-ਦਲ ਭਾਜਪਾ ਦਾ ਗਠਜੋੜ ਪੱਕਾ ਹੈ ਅਤੇ ਅਕਾਲੀ ਦਲ 50 ਚੋਂ ਪਹਿਲਾਂ ਵਾਂਗ 28 ਸੀਟਾਂ ਤੇ ਚੋਣ ਲੜੇਗਾ।ਉਨ੍ਹਾਂ ਕਿਹਾ ਕਿ ਮੇਅਰ ਵੀਂ ਅਕਾਲੀ ਦਲ ਦਾ ਹੀ ਬਣੇਗਾ।
ਮੀਟਿੰਗ ਵਿੱਚ ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗੋਇਲ ਦੇ ਨਾ ਪਹੁੰਚਣ ਬਾਰੇ ਸ੍ਰੀ ਸਿੰਗਲਾ ਨੇ ਕਿਹਾ ਕਿ ਭਾਜਪਾ ਦੀ ਕੌਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ। ਪਰ ਪਤਾ ਕਰਨ ਤੇ ਇਹ ਪਤਾ ਲੱਗਿਆ ਕਿ ਕੌਰ ਕਮੇਟੀ ਦੀ ਮੀਟਿੰਗ 1-00 ਵਜੇ ਤੋਂ ਪਹਿਲਾਂ ਹੀ ਖਤਮ ਹੋ ਗਈ ਸੀ ਜਦੋਂਕਿ ਇਹ ਮੀਟਿੰਗ 1.30 ਵਜੇ ਸ਼ੁਰੂ ਹੋਈ ਸੀ।ਇਸ ਸਬੰਧ ਵਿੱਚ ਜਦ ਪਰਮਿੰਦਰ ਗੋਇਲ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਕੌਰ ਕਮੇਟੀ ਦੀ ਮੀਟਿੰਗ ਸੀ ਬਾਅਦ ਵਿੱਚ ਉਨ੍ਹਾਂ ਦੇ ਘਰ ਰਿਸ਼ਤੇਦਾਰ ਆ ਗਏ, ਜਿਸ ਕਾਰਨ ਉਹ ਪ੍ਰੈਸ ਕਾਨਫਰੰਸ ਵਿੱਚ ਨਹੀਂ ਆ ਸਕੇ।
ਇਸ ਪ੍ਰੈਸ ਕਾਨਫਰੰਸ ਦੀ ਅਸਲ ਕਹਾਣੀ ਇਹ ਹੈ ਕਿ ਇਹ ਪ੍ਰੈਸ ਕਾਨਫਰੰਸ ਦੋਵਾਂ ਪਾਰਟੀਆਂ ਵੱਲੋਂ ਨਾ ਹੋ ਕੋ ਦੋ ਲੀਡਰਾਂ ਵੱਲੋਂ ਸੱਦੀ ਗਈ ਸੀ।ਇਹ ਦੋਵਾਂ ਦੀ ਆਪਸੀ ਸਮਝ ਬਨਣ ਦੀ ਮੀਟਿੰਗ ਸੀ, ਪਰ ਪਤਾ ਲੱਗਾ ਹੈ ਕਿ ਇਸ ਮੀਟਿੰਗ ਦਾ ਦੂਜੇ ਭਾਜਪਾ ਆਗੂਆਂ ਨੇ ਕਰੜਾ ਨੋਟਿਸ ਲਿਆ ਅਤੇ ਕਿਹਾ ਕਿ ਅਜਿਹਾ ਕੋਈ ਵੀਂ ਸਮਝੋਤਾ ਸੂਬਾ ਪੱਧਰ ਤੇ ਹੀ ਹੋਵੇਗਾ ਨਾ ਕਿ ਕਿਸੇ ਲੋਕਲ ਲੀਡਰ ਨੂੰ ਕੋਈ ਅਜਿਹਾ ਸਮਝੋਤਾ ਕਰਨ ਦਾ ਕੋਈ ਅਧਿਕਾਰ ਹੈ।ਇਹ ਵੀਂ ਪਤਾ ਲੱਗਾ ਹੈ, ਕਿ ਆਰ.ਐਸ. ਐਸ ਨਾਲ ਸਬੰਧਿਤ ਆਗੂ ਪੂਰੀਆਂ 50 ਸੀਟਾਂ ਤੇ ਹੀ ਚੋਣ ਲੜਨ ਲਈ ਬਜਿੱਦ ਹਨ।ਇਹ ਕਾਨਫਰੰਸ ਕੇਵਲ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਹੋ ਨਿੱਬੜੀ ਅਤੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਕਾਲੀ ਦਲ ਇਸ ਬਾਰ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟਾਂ ਉਨ੍ਹਾਂ ਦੇ ਕੰਮ ਦੇ ਅਧਾਰ ਤੇ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਅਕਾਲੀ ਦਲ ਬਠਿੰਡਾ ਸ਼ਹਿਰ ਦੇ ਵਿਕਾਸ ਦੇ ਮੁੱਦੇ ਤੇ ਚੋਣ ਲੜੇਗਾ।ਇਸ ਮੀਟਿੰਗ ਸਮੇਂ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਮੈਂਬਰ, ਸੁਖਦੇਵ ਸਿੰਘ ਬਾਹੀਆ ਐਡਵੋਕੇਟ, ਓਮ ਪ੍ਰਕਾਸ਼ ਸ਼ਰਮਾਂ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ, ਚਮਕੌਰ ਸਿੰਘ ਮਾਨ, ਮਾਸਟਰ ਹਰਮੰਦਰ ਸਿੰਘ ਅਤੇ ਰਾਜੂ ਸਰਾਂ ਵੀਂ ਹਾਜ਼ਰ ਸਨ।
Punjab Post Daily Online Newspaper & Print Media