ਅੰਮ੍ਰਿਤਸਰ, 21 ਮਾਰਚ (ਦੀਪ ਦਵਿੰਦਰ ਸਿੰਘ) – ਭਾਰਤ ਦੀ ਪ੍ਰਸਿੱਧ ਨਾਟ ਸੰਸਥਾ ਪੰਜਾਬ ਨਾਟਸ਼ਾਲਾ ਵਿਖੇ ਜਤਿੰਦਰ ਬਰਾੜ ਦਾ ਲਿਖਿਆ ਅਤੇ ਪ੍ਰੋਫੈਸਰ
ਇਮੈਨੁਅਲ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ‘ਫਾਸਲੇ’ ਦਾ ਸਫਲ ਮੰਚਨ ਕੀਤਾ ਗਿਆ।ਨਾਟਕ ਦੀ ਕਹਾਣੀ ਮੰਡ ਖੇਤਰ ਦੇ ਇੱਕ ਪੱਛੜੇ ਹੋਏ ਪਿੰਡ ਦੀ ਡਿਸਪੈਂਸਰੀ ਵਿੱਚ ਤਾਇਨਾਤ ਸ਼ਹਿਰੀ ਡਾਕਟਰ ਅਤੇ ਇਕ ਸਪੇਰਨ ਦੀ ਮੁਹੱਬਤ ਦੁਆਲੇ ਘੁੰਮਦੀ ਹੈ।ਨਾਟਕ ਵਿਚ ਦਿਨ-ਬ-ਦਿਨ ਸਾਡੇ ਸਮਾਜ ਵਿੱਚ ਵਧ ਰਹੇ ਊਚ ਨੀਚ, ਜਾਤ-ਪਾਤ ਅਤੇ ਅਮੀਰੀ ਗਰੀਬੀ ਦੇ ਫਾਸਲਿਆਂ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਇਸ ਨਾਟਕ ਵਿਚ ਸਰਕਾਰੀ ਅਦਾਰਿਆਂ ਵਿੱਚ ਹੁੰਦੀ ਲੁੱਟ-ਖਸੁੱਟ ਅਤੇ ਫੈਲੇ ਭ੍ਰਿਸ਼ਟਾਚਾਰ ਬਾਰੇ ਵੀ ਤਿੱਖਾ ਵਿਅੰਗ ਕੀਤਾ ਗਿਆ ਹੈ।ਨਾਟਕ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਰੰਗਮੰਚ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚ ਨਾਟਕ ਦੇ ਦ੍ਰਿਸ਼ਾਂ ਅਨੁਸਾਰ ਮੰਚ ਤੇ ਦਰਸ਼ਕਾਂ ਉਪਰ ਬਾਰਿਸ਼ ਹੋਣਾ, ਚੰਨ ਤਾਰਿਆਂ ਨਾਲ ਭਰੇ ਅਸਮਾਨ, ਫੁੱਲਾਂ ਦੀ ਖੁਸ਼ਬੋ, ਦਰਿਆ ਦਾ ਦਿਲਕਸ਼ ਨਜ਼ਾਰਾ ਆਦਿ ਦੀ ਪੇਸ਼ਕਾਰੀ ਦਰਸ਼ਕਾਂ ਦੇ ਦਿਲਾਂ ਨੂੰ ਧੁਰ ਅੰਦਰ ਤੱਕ ਧੂਹ ਪਾਉਂਦੀ ਹੈ।ਨਾਟਕ ਦੇ ਸਹਿ ਨਿਰਦੇਸ਼ਕ ਅਤੇ ਮੁੱਖ ਪਾਤਰ ਪ੍ਰੋਫੈਸਰ ਸਮਰੀਤ ਕੌਰ ਦੀ ਭਾਵਪੂਰਤ ਪੇਸ਼ਕਾਰੀ ਦੇ ਹਰ ਦ੍ਰਿਸ਼ `ਚ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਈ।ਕਰਨਬੀਰ ਸਿੰਘ, ਡਾ. ਆਤਮਾ ਸਿੰਘ ਗਿੱਲ, ਮਰਕਸ ਪਾਲ ਗੁਮਟਾਲਾ, ਮਨਦੀਪ ਕੌਰ, ਗੁਰਸਾਹਿਬ, ਧਿਆਨ ਚੰਦ, ਜਤਿੰਦਰ ਰਿਆੜ, ਸੁਖਪਲਜੀਤ ਕੌਰ, ਗਗਨ ਸੈਣੀ, ਲਵਪ੍ਰੀਤ ਆਦਿ ਅਦਾਕਾਰਾਂ ਦੀ ਭੂਮਿਕਾ ਨੇ ਦਰਸ਼ਕਾਂ ਨੂੰ ਅਖੀਰ ਤੱਕ ਕੀਲੀ ਰੱਖਿਆ।
ਹੈਰੀਸਨ, ਪ੍ਰਭਜੋਤ ਸੰਘਾ ਅਤੇ ਨਿਕਿਤਾ ਦੀ ਖੂਬਸੂਰਤ ਆਵਾਜ਼ ਨੇ ਨਾਟਕ ਨੂੰ ਸਿਖਰ ਉਪਰ ਪਹੁੰਚਾ ਦਿੱਤਾ।ਪ੍ਰਸਿੱਧ ਫਿਲਮੀ ਹਸਤੀ ਅਨੀਤਾ ਦੇਵਗਨ, ਹਰਦੀਪ ਗਿੱਲ, ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਡਾ. ਇੰਦਰਜੀਤ ਸਿੰਘ ਗੋਗਆਣੀ ਵੱਖ-ਵੱਖ ਕਾਲਜ਼ਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਸ਼ਹਿਰ ਦੀਆਂ ਉਘੀਆਂ ਸ਼ਖਸੀਅਤਾਂ ਨੇ ਨਾਟਕ ਦਾ ਆਨੰਦ ਮਾਣਿਆ।
ਪ੍ਰੋਫੈਸਰ ਇਮੈਨੁਅਲ ਸਿੰਘ ਨੇ ਦੱਸਿਆ ਕਿ 26 ਮਾਰਚ 2022 ਨੂੰ ਸ਼ਨੀਵਾਰ 6:30 ਵਜੇ ਇਸ ਨਾਟਕ ਦਾ ਦੁਬਾਰਾ ਮੰਚਨ ਹੋਵੇਗਾ।
Check Also
ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ਹਰਿਆਵਲ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ਪਹਿਲੀ ਵਾਰ ਕੈਂਪਸ …
Punjab Post Daily Online Newspaper & Print Media